ਨਵੀਂ ਦਿੱਲੀ, 28 ਜੂਨ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਤੇ ਨੈਸ਼ਨਲ ਕੈਮੀਕਲ ਲੈਬਾਰਟਰੀ (ਐੱਨਸੀਐੱਲ) ਪੁਣੇ ਕੋਵਿਡ-19 ਦੀ ਟੈਸਟਿੰਗ ਲਈ ਇਕ ਅਜਿਹੀ ਟੈਸਟਿੰਗ ਕਿੱਟ ਤਿਆਰ ਕਰ ਰਹੇ ਹਨ, ਜਿਸ ਨਾਲ ਘਰ ਬੈਠਿਆਂ ਹੀ ਨਮੂਨੇ ਦੀ ਜਾਂਚ ਕੀਤੀ ਜਾ ਸਕੇਗੀ ਤੇ ਨਤੀਜੇ ਵੀ ਜਲਦੀ ਮਿਲਣਗੇ। ਵਿਗਿਆਨ ਤੇ ਸਨਅਤੀ ਖੋਜ ਬਾਰੇ ਕੌਂਸਲ ਅਧੀਨ ਆਉਂਦੀ ਐੱਨਸੀਐੱਲ ਨੂੰ ਇਸ ਪ੍ਰਾਜੈਕਟ ਲਈ ਮਾਈਕਰੋਸਾਫ਼ਟ ਤੋਂ ਕੁਝ ਵਿੱੱਤੀ ਮਦਦ ਵੀ ਮਿਲੀ ਹੈ। ਟੈਸਟਿੰਗ ਕਿੱਟ ਦੇ ਇਕ ਮਹੀਨੇ ਅੰਦਰ ਤਿਆਰ ਹੋਣ ਦੀ ਸੰਭਾਵਨਾ ਹੈ।
ਟੀਮ ਮੁਤਾਬਕ ਇਸ ਪ੍ਰਾਜੈਕਟ ਦਾ ਮੁੱਖ ਨਿਸ਼ਾਨਾ ਕੋਵਿਡ-19 ਖ਼ਿਲਾਫ਼ ਐਨਜ਼ਾਈਮ ਲਿੰਕਡ ਇਮਿਊਨੋਐਸੇ (ਐਲੀਸਾ) ਅਧਾਰਿਤ ਡਾਇਗਨੋਸਟਿਕ ਸਿਰੋਲੋਜੀਕਲ ਐਸੇ ਵਿਕਸਤ ਕਰਨਾ ਹੈ। ਜੇਕਰ ਤਜਰਬਾ ਸਫ਼ਲ ਰਿਹਾ ਤਾਂ ਇਸ ਨਾਲ ਘਰ-ਅਧਾਰਿਤ ਡਾਇਗਨੌਸਟਿਕ ਕਿੱਟਾਂ ਤਿਆਰ ਕੀਤੀਆਂ ਜਾ ਸਕਣਗੀਆਂ।
ਇਹ ਕਿੱਟਾਂ ਨਾ ਸਿਰਫ਼ ਆਰਥਿਕ ਪੱਖੋਂ ਸਸਤੀਆਂ ਬਲਕਿ ਇਸ ਦੇ ਨਤੀਜੇ ਵੀ ਜਲਦੀ ਮਿਲਣਗੇ ਤੇ ਇਹ ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਠੱਲ੍ਹਣ ਵਿੱਚ ਅਸਰਦਾਰ ਸਾਬਤ ਹੋਵੇਗੀ। ਆਈਆਈਟੀ ਦੇ ਕੈਮੀਕਲ ਇੰਜਨੀਅਰਿੰਗ ਵਿਭਾਗ ’ਚ ਪ੍ਰੋਫੈਸਰ ਅਨੁਰਾਗ ਐੱਸ.ਰਾਠੌਰ ਨੇ ਕਿਹਾ, ‘ਕੋਵਿਡ-19 ਦੇ ਪ੍ਰਬੰਧਨ ਵਿੱਚ ਟੈਸਟਿੰਗ ਹਮੇਸ਼ਾ ਵੱਡੀ ਚੁਣੌਤੀ ਰਹੀ ਹੈ ਤੇ ਆਉਂਦੇ ਸਾਲਾਂ ਤਕ ਰਹੇਗੀ। ਮੌਜੂਦਾ ਸਮੇਂ ਕਰੋਨਾ ਦੀ ਪੁਸ਼ਟੀ ਲਈ ਆਰਟੀ-ਪੀਸੀਆਰ ਟੈਸਟ ਸਿਰਫ਼ ਲੈਬਾਰਟਰੀਆਂ ’ਚ ਹੀ ਕੀਤਾ ਜਾ ਸਕਦਾ ਹੈ। ਇਸ ਵਿੱਚ ਸਮਾਂ ਵੀ ਲਗਦਾ ਹੈ ਤੇ ਨਮੂਨੇ ਇਕੱਤਰ ਕਰਨ ਤੋਂ ਲੈ ਕੇ ਇਸ ਦੀ ਸਾਂਭ-ਸੰਭਾਲ ’ਚ ਜੋਖ਼ਮ ਬਣਿਆ ਰਹਿੰਦਾ ਹੈ। ਪਰ ਘਰ ਅਧਾਰਿਤ ਟੈਸਟਿੰਗ ਕਿੱਟਾਂ ਨਾਲ ਜਿੱਥੇ ਇਹ ਜੋਖ਼ਮ ਘਟੇਗਾ, ਉਥੇ ਨਤੀਜੇ ਵੀ ਜਲਦੀ ਮਿਲਣਗੇ।’ ਰਾਠੌਰ ਨੇ ਭਾਵੇਂ ਟੈਸਟ ਕਿੱਟ ਦੀ ਲਾਗਤ ਬਾਰੇ ਨਹੀਂ ਦੱਸਿਆ ਪਰ ਉਨ੍ਹਾਂ ਕਿਹਾ ਕਿ ਇਹ ਮੌਜੂਦਾ ਟੈਸਟਾਂ ਨਾਲੋਂ ਸਸਤੀ ਹੋਵੇਗੀ। -ਪੀਟੀਆਈ