ਸ੍ਰੀਨਗਰ, 6 ਜੁਲਾਈ
‘ਅਪਨੀ ਪਾਰਟੀ’ ਦੇ ਆਗੂ ਗੁਲਾਮ ਹਸਨ ਮੀਰ ਨੇ ਜੰਮੂ ਕਸ਼ਮੀਰ ਵਿੱਚ ਨਵੀਂ ਮੀਡੀਆ ਨੀਤੀ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ।
ਸਾਬਕਾ ਮੰਤਰੀ ਮੀਰ ਨੇ ਕੇਂਦਰੀ ਸ਼ਾਸਤ ਪ੍ਰਦੇਸ਼ (ਯੂਟੀ) ਦੇ ਪ੍ਰਸ਼ਾਸਨ ਨੂੰ ਨਵੀਂ ਮੀਡੀਆ ਨੀਤੀ ਸਬੰਧੀ ਪ੍ਰਿੰਟ, ਆਨਲਾਈਨ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆਂ ਨਾਲ ਚਰਚਾ ਕਰਕੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ। ਊਨ੍ਹਾਂ ਯੂਟੀ ਵਿੱਚ ਮੀਡੀਆ ਸਨਅਤ ਦੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਜੋ ਮੌਜੂਦ ਹਾਲਾਤ ਵਿੱਚ ਆਪਣੀ ਹੋਂਦ ਬਚਾਊਣ ਲਈ ਲੜ ਰਹੀ ਹੈ। ਇਸੇ ਦੌਰਾਨ ਸੀਪੀਆਈ (ਐੱਮ) ਦੇ ਆਗੂ ਅਤੇ ਸਾਬਕਾ ਵਿਧਾਇਕ ਐੱਮ.ਵਾਈ. ਤਰੀਗਾਮੀ ਨੇ ਨਵੀਂ ਮੀਡੀਆ ਨੀਤੀ ਵਾਪਸ ਲਏ ਜਾਣ ਦਾ ਸੱਦਾ ਦਿੱਤਾ ਹੈ।
ਜੰਮੂ: ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਜੇ.ਕੇ.ਐੱਨ.ਪੀ.ਪੀ.) ਨੇ ਅੱਜ ਜੰਮੂ ਅਤੇ ਕਸ਼ਮੀਰ ਵਿੱਚ 4ਜੀ ਇੰਟਰਨੈੱਟ ਸੇਵਾ ਬਹਾਲ ਕਰਨ ਦੀ ਮੰਗ ਲੈ ਕੇ ਮੁਜ਼ਾਹਰਾ ਕੀਤਾ। ਪਾਰਟੀ ਨੇ ਦਾਅਵਾ ਕੀਤਾ ਕਿ ਕੋਵਿਡ-19 ਸੰਕਟ ਦੌਰਾਨ ਲੋਕਾਂ, ਖਾਸਕਾਰ ਵਿਦਿਆਰਥੀਆਂ, ਨੂੰ ਇੰਟਰਨੈੱਟ ਸਹੀ ਨਾ ਚੱਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ.ਕੇ.ਐੱਨ.ਪੀ.ਪੀ. ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਹਰਸ਼ ਦੇਵ ਸਿੰਘ ਨੇ ਮੁਜ਼ਾਹਰੇ ਦੀ ਅਗਵਾਈ ਕੀਤੀ। ਮੁਜ਼ਾਹਰਾਕਾਰੀਆਂ ਨੇ ਗਾਂਧੀ ਨਗਰ ਖੇਤਰ ’ਚ ਪਾਰਟੀ ਦੇ ਹੈੱਡਕੁਆਰਟਰ ਨੇੜੇ ਇਕੱਠੇ ਹੋ ਕੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ। ਹਰਸ਼ ਦੇਵ ਸਿੰਘ ਨੇ ਕਿਹਾ ਕਿ ਮੋਬਾਈਲਾਂ ’ਤੇ 2ਜੀ ਇੰਟਰਨੈੱਟ ਸੇਵਾਵਾਂ ਦੀ ਰਫ਼ਤਾਰ ਬਹੁਤ ਘੱਟ ਤੇ ਸਿਗਨਲ ਕਮਜ਼ੋਰ ਹੈ, ਜਿਸ ਨਾਲ ਸਾਰੀਆਂ ਵੈੱਬਸਾਈਟਾਂ ਨਹੀਂ ਖੁੱਲ੍ਹਦੀਆਂ। ਇਸ ਕਾਰਨ ਵਿਦਿਆਰੀਆਂ ਨੂੰ ਆਨਲਾਈਨ ਕਲਾਸਾਂ ਲਾਉਣ ’ਚ ਸਮੱਸਿਆਵਾਂ ਆ ਰਹੀਆਂ ਹਨ।
-ਪੀਟੀਆਈ