ਮੰਦਰ ਐਲਾਨੇ ਜਾਣ ਮਗਰੋਂ Bhojshala ਪੁੱਜੇ ਹਿੰਦੂ ਸ਼ਰਧਾਲੂ
ਹਾਲਾਤ ਸ਼ਾਂਤੀਪੂਰਨ ਰਹੇ; ਕਾਨੂੰਨ ਵਿਵਸਥਾ ਕਾਇਮ ਰੱਖਣ ਲਈ 1200 ਪੁਲੀਸ ਮੁਲਾਜ਼ਮ ਤਾਇਨਾਤ
ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਧਾਰ ਦੇ ਵਿਵਾਦਤ ਭੋਜਸ਼ਾਲਾ ਕੰਪਲੈਕਸ ਨੂੰ ਦੇਵੀ ਸਰਸਵਤੀ ਦਾ ਮੰਦਰ ਐਲਾਨੇ ਜਾਣ ਤੋਂ ਇੱਕ ਦਿਨ ਬਾਅਦ, ਅੱਜ ਵੱਡੀ ਗਿਣਤੀ ਸ਼ਰਧਾਲੂਆਂ ਨੇ ਪੂਜਾ ਕਰਨ ਲਈ ਇਸ ਮੱਧਕਾਲੀ ਇਮਾਰਤ ’ਚ ਹਾਜ਼ਰੀ ਭਰੀ। ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਵੱਲੋਂ ਸੁਰੱਖਿਅਤ ਇਸ ਯਾਦਗਾਰ ’ਤੇ ਹਾਰ ਤੇ ਫੁੱਲ ਲੈ ਕੇ ਪੁੱਜੇ ਸ਼ਰਧਾਲੂ ਸਰਸਵਤੀ ਵੰਦਨਾ ਕਰਦੇ ਅਤੇ ਮੰਤਰਾਂ ਦਾ ਜਾਪ ਕਰਦੇ ਦੇਖੇ ਗਏ।
ਇੰਦੌਰ ਦਿਹਾਤੀ ਰੇਂਜ ਦੇ ਡੀ ਆਈ ਜੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਧਾਰ ਵਿੱਚ ਹਾਲਾਤ ਪੂਰੀ ਤਰ੍ਹਾਂ ਪੁਰਅਮਨ ਹਨ ਅਤੇ ਸ਼ਰਧਾਲੂ ਲਗਾਤਾਰ ਭੋਜਸ਼ਾਲਾ ਦੇ ਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਧਾਰ ਵਿੱਚ 1,200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇੱਕ ਨੌਜਵਾਨ ਸ਼ਰਧਾਲੂ ਗੋਕੁਲ ਨਾਗਰ ਨੇ ਕਿਹਾ, ‘‘ਅਸੀਂ ਇਸ ਦਿਨ ਨੂੰ ਦੇਖਣ ਲਈ ਸਾਲਾਂਬੱਧੀ ਸੰਘਰਸ਼ ਕੀਤਾ ਹੈ। ਅਸੀਂ ਬਹੁਤ ਖ਼ੁਸ਼ ਹਾਂ ਕਿ ਹੁਣ ਅਸੀਂ ਹਰ ਰੋਜ਼ ਭੋਜਸ਼ਾਲਾ ਵਿੱਚ ਪੂਜਾ ਕਰ ਸਕਾਂਗੇ, ਜਦੋਂ ਕਿ ਪਹਿਲਾਂ ਸਾਨੂੰ ਇਹ ਮੌਕਾ ਸਿਰਫ਼ ਮੰਗਲਵਾਰ ਨੂੰ ਹੀ ਮਿਲਦਾ ਸੀ।’’
ਇੱਕ ਹੋਰ ਸ਼ਰਧਾਲੂ ਸੰਜੈ ਨੇ ਦੱਸਿਆ ਕਿ ਉਹ ਉੱਥੇ ਸਥਾਪਤ ਕਰਨ ਦੇ ਇਰਾਦੇ ਨਾਲ ਦੇਵੀ ਸਰਸਵਤੀ ਦੀ ਤਸਵੀਰ ਲੈ ਕੇ ਸਮਾਰਕ ’ਤੇ ਗਿਆ ਸੀ, ਪਰ ਅਧਿਕਾਰੀਆਂ ਨੇ ਉਸ ਨੂੰ ਰੋਕ ਦਿੱਤਾ। ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਏ ਐੱਸ ਆਈ ਦੇ ਨਿਯਮਾਂ ਅਤੇ ਨਿਰਦੇਸ਼ਾਂ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਉਸ ਨੇ ਕਿਹਾ ਕਿ ਉਹ ਵਿਵਾਦਤ ਯਾਦਗਾਰ ਦੀ ਕਾਨੂੰਨੀ ਸਥਿਤੀ ਨੂੰ ਸਮਝਦਾ ਹੈ ਅਤੇ ਭੋਜਸ਼ਾਲਾ ਕੰਪਲੈਕਸ ਵਿੱਚ ਏ ਐੱਸ ਆਈ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰੇਗਾ।
ਅਦਾਲਤ ਨੇ ਅਯੁੱਧਿਆ ਫ਼ੈਸਲੇ ’ਚ ਸੁਪਰੀਮ ਕੋਰਟ ਵੱਲੋਂ ਤੈਅ ਸਿਧਾਂਤਾਂ ਦਾ ਹਵਾਲਾ ਦਿੱਤਾ
ਨਵੀਂ ਦਿੱਲੀ: ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਕੰਪਲੈਕਸ ਮਾਮਲੇ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਆਪਣੇ ਫ਼ੈਸਲੇ ’ਚ ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਗਏ 10 ਸਿਧਾਂਤਾਂ ਦਾ ਹਵਾਲਾ ਦਿੱਤਾ ਹੈ। ਧਾਰ ਜ਼ਿਲ੍ਹੇ ਦੇ ਵਿਵਾਦਤ ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਕੰਪਲੈਕਸ ਨੂੰ ਦੇਵੀ ਸਰਸਵਤੀ ਦਾ ਮੰਦਰ ਐਲਾਨਦਿਆਂ ਹਾਈ ਕੋਰਟ ਨੇ ਕਿਹਾ ਕਿ ਵਿਵਾਦਤ ਖੇਤਰ ਦੇ ਸਰੂਪ ਨੂੰ ਨਿਰਧਾਰਤ ਕਰਨ ਲਈ, ਉਸ ਨੂੰ ਉਨ੍ਹਾਂ 10 ਸਿਧਾਂਤਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਜਸਟਿਸ ਵਿਜੈ ਕੁਮਾਰ ਸ਼ੁਕਲਾ ਅਤੇ ਜਸਟਿਸ ਆਲੋਕ ਅਵਸਥੀ ਦੇ ਬੈਂਚ ਨੇ ਕਿਹਾ, ‘‘ਅਸੀਂ ਭਾਰਤੀ ਪੁਰਾਤੱਤਵ ਸਰਵੇਖਣ ਐਕਟ ਦੇ ਕਾਨੂੰਨੀ ਪ੍ਰਬੰਧਾਂ ਤਹਿਤ ਪੁਰਾਤੱਤਵ, ਇਤਿਹਾਸਕ ਤੱਥਾਂ, ਏ ਐੱਸ ਆਈ ਦੇ ਨੋਟੀਫਿਕੇਸ਼ਨਾਂ ਅਤੇ ਸਰਵੇਖਣ ਰਿਪੋਰਟ ’ਤੇ ਵਿਚਾਰ ਕੀਤਾ ਹੈ। ਇਸ ਦੇ ਨਾਲ ਹੀ ਅਸੀਂ ਅਯੁੱਧਿਆ ਮਾਮਲੇ ਵਿੱਚ ਤੈਅ ਸਿਧਾਂਤਾਂ ਦੇ ਆਧਾਰ ’ਤੇ ਵੀ ਵਿਚਾਰ ਕੀਤਾ ਹੈ ਕਿ ਪੁਰਾਤੱਤਵ ਵਿਗਿਆਨ ਅਜਿਹਾ ਵਿਗਿਆਨ ਹੈ ਜੋ ਬਹੁ-ਪੱਖੀ ਜਾਂ ਅੰਤਰ-ਪੱਖੀ ਪਹੁੰਚ ’ਤੇ ਕੰਮ ਕਰਦਾ ਹੈ ਅਤੇ ਪੁਰਾਤੱਤਵ ਸਬੂਤਾਂ ਦੇ ਸਰੂਪ ਨੂੰ ਧਿਆਨ ਵਿੱਚ ਰੱਖਦਾ ਹੈ।’’ -ਪੀਟੀਆਈ
ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਮਾਮਲੇ ਦਾ ਫ਼ੈਸਲਾ ਚਿੰਤਾ ਦਾ ਵਿਸ਼ਾ: ਸੀ ਪੀ ਐੱਮ
ਨਵੀਂ ਦਿੱਲੀ: ਸੀ ਪੀ ਐੱਮ ਨੇ ਅੱਜ ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਵਿਵਾਦ ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹਾਲ ਦੇ ਫ਼ੈਸਲੇ ਨੂੰ ‘ਦੁੱਖਦਾਈ’ ਕਰਾਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਇਸ ਦੇ ਦੇਸ਼ ਦੇ ਧਰਮ-ਨਿਰਪੱਖ ਤਾਣੇ-ਬਾਣੇ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਆਪਣੇ ਪੋਲਿਟਬਿਊਰੋ ਵੱਲੋਂ ਜਾਰੀ ਇੱਕ ਬਿਆਨ ਵਿੱਚ, ਸੀ ਪੀ ਐੱਮ ਨੇ ਇਸ ਫ਼ੈਸਲੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ, ਜਿਸ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਦੇ ਉਸ ਪੁਰਾਣੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਤਹਿਤ ਮੁਸਲਮਾਨਾਂ ਨੂੰ ਵਿਵਾਦਤ ਕੰਪਲੈਕਸ ਵਿੱਚ ਨਮਾਜ਼ ਅਦਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਖੱਬੇ ਪੱਖੀ ਪਾਰਟੀ ਨੇ ਦਲੀਲ ਦਿੱਤੀ ਕਿ ਇਸ ਫ਼ੈਸਲੇ ਨੂੰ ਵੱਖਰੇ ਤੌਰ ’ਤੇ ਨਹੀਂ ਦੇਖਿਆ ਜਾ ਸਕਦਾ। ਇਹ ਇਤਿਹਾਸਕ ਅਤੇ ਧਾਰਮਿਕ ਵਿਵਾਦਾਂ ਨੂੰ ਦੁਬਾਰਾ ਖੋਲ੍ਹਣ ਅਤੇ ਉਨ੍ਹਾਂ ’ਤੇ ਅਜਿਹੇ ਤਰੀਕੇ ਨਾਲ ਫ਼ੈਸਲੇ ਸੁਣਾਉਣ ਦੇ ਵਧ ਰਹੇ ਰੁਝਾਨ ਦਾ ਹਿੱਸਾ ਹੈ, ਜਿਸ ਨਾਲ ਫ਼ਿਰਕੂ ਵੰਡ ਹੋਰ ਡੂੰਘੀ ਹੋਣ ਦਾ ਖ਼ਤਰਾ ਹੈ। ਸੀ ਪੀ ਐੱਮ ਨੇ ਇਹ ਦਾਅਵਾ ਵੀ ਕੀਤਾ ਕਿ ਇਹ ਫ਼ੈਸਲਾ ‘ਪੂਜਾ ਸਥਾਨ (ਵਿਸ਼ੇਸ਼ ਉਪਬੰਧ) ਐਕਟ, 1991’ ਦੇ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕਰਦਾ ਪ੍ਰਤੀਤ ਹੁੰਦਾ ਹੈ। -ਪੀਟੀਆਈ

