Himachal Pradesh weather Update: ਸ਼ਿਮਲਾ ਅਤੇ ਨੇੜਲੇ ਇਲਾਕਿਆਂ ਵਿੱਚ ਗੜੇਮਾਰੀ
18 ਤੇ 19 ਜੂਨ ਨੂੰ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਮਵਾਰ ਦੁਪਹਿਰ ਨੂੰ ਅਚਾਨਕ ਗੜੇਮਾਰੀ ਹੋਈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਨਵੀਂ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦੇ ਸਰਗਰਮ ਹੋਣ ਕਾਰਨ ਇਸ ਹਫ਼ਤੇ ਉੱਤਰ-ਪੱਛਮੀ ਭਾਰਤ ਪ੍ਰਭਾਵਿਤ ਹੋਵੇਗਾ, ਜਿਸ ਕਰਕੇ ਸੂਬੇ ਵਿੱਚ 21 ਜੂਨ ਤੱਕ ਮੀਂਹ ਪਵੇਗਾ ਅਤੇ ਖ਼ਰਾਬ ਮੌਸਮ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ।
ਇਸ ਅਚਾਨਕ ਹੋਈ ਗੜੇਮਾਰੀ ਕਾਰਨ ਕਿੰਨੌਰ ਜ਼ਿਲ੍ਹੇ ਦੇ ਸ਼ਿਗਾਰਚਾ, ਡਾਬਲਿੰਗ ਅਤੇ ਹੁਰੂਵਾ ਪਿੰਡਾਂ ਵਿੱਚ ਸੇਬ ਦੇ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ। ਸਥਾਨਕ ਬਾਗਬਾਨਾਂ ਮਨੋਜ ਅਤੇ ਰਾਜੀਵ ਨੇ ਦੱਸਿਆ ਕਿ ਸੋਮਵਾਰ ਤੜਕੇ ਸਿਰਫ਼ 10 ਮਿੰਟ ਹੋਈ ਗੜੇਮਾਰੀ ਨੇ ਉਨ੍ਹਾਂ ਦੀ ਲੱਖਾਂ ਰੁਪਏ ਦੀ ਸੇਬ ਦੀ ਫ਼ਸਲ ਤਬਾਹ ਕਰ ਦਿੱਤੀ ਹੈ। ਇਸ ਤੋਂ ਇਲਾਵਾ ਐਤਵਾਰ ਸ਼ਾਮ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦਰਜ ਕੀਤੀ ਗਈ ਹੈ, ਜਿਸ ਵਿੱਚ ਕੁਫਰੀ 'ਚ ਸਭ ਤੋਂ ਵੱਧ 31 ਮਿਲੀਮੀਟਰ, ਸੁੰਦਰਨਗਰ 'ਚ 17.9 ਮਿਲੀਮੀਟਰ ਅਤੇ ਸ਼ਿਮਲਾ 'ਚ 12 ਮਿਲੀਮੀਟਰ ਮੀਂਹ ਪਿਆ ਹੈ।
ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ
ਸ਼ਿਮਲਾ ਦੇ ਮੌਸਮ ਕੇਂਦਰ ਨੇ ਵੀਰਵਾਰ ਅਤੇ ਸ਼ੁੱਕਰਵਾਰ (18 ਅਤੇ 19 ਜੂਨ) ਨੂੰ ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਗਰਜ-ਚਮਕ ਨਾਲ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਕੇਲਾਂਗ ਸਭ ਤੋਂ ਠੰਢਾ ਰਿਹਾ, ਜਿੱਥੇ ਰਾਤ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਊਨਾ 35.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਿਹਾ।

