ਹਿਮਾਚਲ ਪ੍ਰਦੇਸ਼ ਨੇ ਟਰੱਕਾਂ ਲਈ ਐਂਟਰੀ ਟੈਕਸ ਘਟਾਇਆ
ਸਾਰੇ ਹਲਕੇ ਵਾਹਨਾਂ ਨੂੰ ਛੋਟ ਦਿੱਤੀ;12 ਸਿਟਰ ਯਾਤਰੀ ਵਾਹਨ ਹੁਣ ਸਿਰਫ਼ 100 ਰੁਪਏ ਦੇਣਗੇ
ਹਿਮਾਚਲ ਪ੍ਰਦੇਸ਼ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਅੱਜ ਤਿੰਨ ਸ਼੍ਰੇਣੀਆਂ ਵਿੱਚ ਟਰੱਕ ਚਾਲਕਾਂ ’ਤੇ ਲੱਗਣ ਵਾਲੇ ਦਾਖ਼ਲਾ ਟੈਕਸ ਵਿੱਚ 30 ਤੋਂ 250 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ, ਸੂਬੇ ਵਿੱਚ ਰਜਿਸਟਰਡ ਸਾਰੇ ਹਲਕੇ ਵਾਹਨਾਂ, ਭਾਵੇਂ ਉਹ ਵਪਾਰਕ ਹੋਣ ਜਾਂ ਨਿੱਜੀ, ਨੂੰ ਇਸ ਟੈਕਸ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ। ਕਰ ਅਤੇ ਆਬਕਾਰੀ ਕਮਿਸ਼ਨਰ ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਅਨੁਸਾਰ 12 ਸਿਟਰ ਯਾਤਰੀ ਵਾਹਨ ਹੁਣ 130 ਰੁਪਏ ਦੀ ਥਾਂ 100 ਰੁਪਏ ਦੇਣਗੇ। ਦੋ ਐਕਸਲ ਵਾਲੇ ਟਰੱਕ, ਜਿਨ੍ਹਾਂ ਦਾ ਕੁੱਲ ਭਾਰ 12,000 ਕਿੱਲੋ ਤੋਂ 25,000 ਕਿੱਲੋ ਵਿਚਕਾਰ ਹੋਵੇ, ਨੂੰ ਵੱਡੀ ਰਾਹਤ ਦਿੰਦੇ ਹੋਏ ਇਨ੍ਹਾਂ ਦਾ ਟੈਕਸ 570 ਰੁਪਏ ਤੋਂ ਘਟਾ ਕੇ 320 ਰੁਪਏ ਕਰ ਦਿੱਤਾ ਗਿਆ ਹੈ। ਤਿੰਨ ਐਕਸਲ ਵਾਲੇ ਵਾਹਨਾਂ ਦਾ ਟੈਕਸ 600 ਰੁਪਏ ਤੋਂ ਘਟਾ ਕੇ 570 ਰੁਪਏ ਕਰ ਦਿੱਤਾ ਗਿਆ ਹੈ।
ਇਹ ਫੈਸਲਾ ਟੈਂਪੂ, ਥ੍ਰੀ-ਵ੍ਹੀਲਰ ਅਤੇ ਪਿਕਅੱਪ ਮਾਲਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ, ਕਿਉਂਕਿ ਉਨ੍ਹਾਂ ਨੂੰ ਵੀ ਇਸ ਦਾਖ਼ਲਾ ਟੈਕਸ ਦੇ ਦਾਇਰੇ ਵਿੱਚ ਲਿਆਂਦਾ ਗਿਆ ਸੀ। ਵਾਹਨ ਮਾਲਕਾਂ ਨੇ ਕੱਲ੍ਹ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਕਿ ਜਾਂ ਤਾਂ ਸੋਧੀਆਂ ਹੋਈਆਂ ਦਰਾਂ ਨੂੰ ਨੋਟੀਫਾਈ ਕੀਤਾ ਜਾਵੇ, ਨਹੀਂ ਤਾਂ ਉਹ ਪ੍ਰਦਰਸ਼ਨ ਕਰਨਗੇ। ਬੀਤੀ ਸ਼ਾਮ ਬੱਦੀ-ਬਰੋਟੀਵਾਲਾ ਉਦਯੋਗਿਕ ਖੇਤਰ ਵਿੱਚ ਘੰਟਿਆਂ ਤੱਕ ਕਿਸੇ ਵੀ ਵਾਹਨ ਨੂੰ ਆਉਣ-ਜਾਣ ਨਹੀਂ ਦਿੱਤਾ ਗਿਆ ਸੀ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਸੀ।
ਸੂਬੇ ਦੀ ਹੱਦ ਦੇ ਪੰਜ ਕਿਲੋਮੀਟਰ ਦੇ ਦਾਇਰੇ ’ਚ ਰਹਿੰਦੇ ਲੋਕਾਂ ਨੂੰ ਰਾਹਤ
ਲੋਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ, ਸਰਕਾਰ ਨੇ ਪਹਿਲਾਂ ਹੀ ਗੁਆਂਢੀ ਸੂਬਿਆਂ ਦੇ ਉਨ੍ਹਾਂ ਵਸਨੀਕਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ, ਜੋ ਹਿਮਾਚਲ ਦੀ ਸਰਹੱਦ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹਨ। ਉਨ੍ਹਾਂ ਲਈ ਰਿਆਇਤੀ ਪਾਸ ਦੀ ਸਹੂਲਤ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਟੈਕਸ 130 ਰੁਪਏ ਤੋਂ ਘਟਾ ਕੇ 100 ਰੁਪਏ ਕਰ ਦਿੱਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਉਲਝਣ ਤੋਂ ਬਚਣ ਲਈ ਟੌਲ ਠੇਕੇਦਾਰਾਂ ਨੂੰ ਸੋਧੀਆਂ ਹੋਈਆਂ ਦਰਾਂ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਇਹ ਕਦਮ ਇਨ੍ਹਾਂ ਦਰਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਅਹਿਮ ਹੈ, ਕਿਉਂਕਿ ਕੱਲ੍ਹ ਵਾਧੂ ਪੈਸੇ ਵਸੂਲਣ ਦੇ ਦੋਸ਼ ਲੱਗੇ ਸਨ।

