ਲਲਿਤ ਮੋਹਨ
ਧਰਮਸ਼ਾਲਾ, 21 ਸਤੰਬਰ
ਟਾਂਡਾ ਮੈਡੀਕਲ ਕਾਲਜ ਦੇ 14 ਐੱਮਬੀਬੀਐੱਸ ਵਿਦਿਆਰਥੀਆਂ ਨੂੰ ਕਾਲਜ ਦੇ ਹੋਸਟਲ ਵਿੱਚ ਰੈਗਿੰਗ ਦੇ ਦੋਸ਼ ਵਿੱਚ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੈਗਿੰਗ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਲਈ ਹੋਸਟਲ ਅਤੇ ਤਿੰਨ ਮਹੀਨਿਆਂ ਲਈ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕਾਲਜ ਨੇ ਜਿਨ੍ਹਾਂ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਵਿੱਚ 12 ਵਿਦਿਆਰਥੀ ਐੱਮਬੀਬੀਐੱਸ ਦੂਜੇ ਸਾਲ ਅਤੇ ਦੋ ਪਹਿਲੇ ਸਾਲ ਦੇ ਹਨ। ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਜਿੱਥੇ ਰੈਗਿੰਗ ਲਈ ਸਜ਼ਾ ਦਿੱਤੀ ਗਈ ਹੈ, ਉਥੇ ਪਹਿਲੇ ਸਾਲ ਦੇ ਦੋ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਤੋਂ ਜਾਣਕਾਰੀ ਛੁਪਾਉਣ ਲਈ ਸਜ਼ਾ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਇਸ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਰੈਗਿੰਗ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹਨ। ਪ੍ਰਿੰਸੀਪਲ ਡਾਕਟਰ ਭਾਨੂ ਅਵਸਥੀ ਨੇ ਸਜ਼ਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਰੂਟੀਨ ਚੈਕਿੰਗ ਦੌਰਾਨ ਕਾਲਜ ਪ੍ਰਬੰਧਕਾਂ ਨੂੰ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਕਬਜ਼ੇ ਵਿੱਚੋਂ ਸੀਨੀਅਰਾਂ ਦੀਆਂ ਨੋਟਬੁੱਕਾਂ ਮਿਲੀਆਂ। ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੀਨੀਅਰਜ਼ ਵੱਲੋਂ ਹੋਮਵਰਕ ਪੂਰਾ ਕਰਨ ਲਈ ਨੋਟਬੁੱਕਾਂ ਦਿੱਤੀਆਂ ਗਈਆਂ ਸਨ। ਪ੍ਰਿੰਸੀਪਲ ਨੇ ਦੱਸਿਆ ਕਿ ਮਾਮਲੇ ਨੂੰ ਜਾਂਚ ਲਈ ਕਾਲਜ ਦੀ ਰੈਗਿੰਗ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਰੈਗਿੰਗ ਕਮੇਟੀ ਨੇ ਆਪਣੀ ਜਾਂਚ ਵਿੱਚ ਕਿਹਾ ਕਿ ਜੂਨੀਅਰਾਂ ਨੂੰ ਹੋਮਵਰਕ ਪੂਰਾ ਕਰਨ ਲਈ ਨੋਟਬੁੱਕ ਦੇਣਾ ਰੈਗਿੰਗ ਸੀ। ਕਮੇਟੀ ਨੇ ਦੂਜੇ ਸਾਲ ਦੇ 12 ਅਤੇ ਪਹਿਲੇ ਸਾਲ ਦੇ ਦੋ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸਜ਼ਾ ਦੀ ਸਿਫ਼ਾਰਸ਼ ਕੀਤੀ।
ਰੈਗਿੰਗ ਕਮੇਟੀ ਦੀ ਸਿਫ਼ਾਰਸ਼ ਅਨੁਸਾਰ ਕਾਲਜ ਪ੍ਰਸ਼ਾਸਨ ਨੇ ਸ਼ਾਮਲ ਵਿਦਿਆਰਥੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਡਾਕਟਰ ਅਵਸਥੀ ਨੇ ਕਿਹਾ ਕਿ ਦੋਸ਼ੀ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਲਈ ਹੋਸਟਲ ਅਤੇ ਕਾਲਜ ਤੋਂ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।