Himachal Pradesh: ਰੱਖੜੀ ਵਾਲੇ ਦਿਨ 10 ਸਾਲਾ ਬੱਚੀ ਨਾਲ ਕੁੱਟਮਾਰ ਅਤੇ ਛੇੜਛਾੜ
ਪੁਲੀਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਇਲਾਕੇ ਵਿੱਚ ਰੱਖੜੀ ਦੇ ਤਿਉਹਾਰ ‘ਤੇ ਇੱਕ ਨਾਬਾਲਗ ਬੱਚੀ ਨਾਲ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਛੇੜਛਾੜ ਅਤੇ ਕੁੱਟਮਾਰ ਕੀਤੀ ਗਈ। ਪੁਲੀਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੇ ਐਤਵਾਰ ਨੂੰ ਦੱਸਿਆ ਕਿ ਨਾਬਾਲਗ ਦੀ ਮਾਂ ਦੀ ਸ਼ਿਕਾਇਤ ‘ਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਅਤੇ ਪੋਕਸੋ (POCSO) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲੀਸ ਅਨੁਸਾਰ, ਬੱਚੀ ਦੀ ਮਾਂ ਰੱਖੜੀ ਦੀ ਸ਼ਾਮ ਨੂੰ ਕਿਸੇ ਕੰਮ ਲਈ ਉੱਤਰਾਖੰਡ ਦੇ ਵਿਕਾਸਨਗਰ ਗਈ ਸੀ। ਜਦੋਂ ਉਹ ਸ਼ਾਮ ਨੂੰ ਕਰੀਬ 7 ਵਜੇ ਘਰ ਪਰਤੀ, ਤਾਂ ਉਸ ਨੇ ਦੇਖਿਆ ਕਿ ਨਾ ਤਾਂ ਉਸ ਦੀ ਧੀ ਅਤੇ ਨਾ ਹੀ ਉਸ ਦਾ ਪੁੱਤਰ ਘਰ ਵਿੱਚ ਮੌਜੂਦ ਸੀ।
ਉਸ ਦਾ ਪੁੱਤਰ ਰਾਤ ਨੂੰ ਲਗਪਗ 10 ਵਜੇ ਇਕੱਲਾ ਘਰ ਪਰਤਿਆ। ਜਦੋਂ ਉਸ ਤੋਂ ਆਪਣੀ ਭੈਣ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਦੱਸਿਆ ਕਿ ਉਹ ਉਸ ਦੇ ਨਾਲ ਸੀ ਪਰ ਅਚਾਨਕ ਗਾਇਬ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ।
ਪਰਿਵਾਰ ਦਾ ਦਾਅਵਾ ਹੈ ਕਿ ਇੱਕ ਵਿਅਕਤੀ ਨੇ ਬੱਚੀ ਨੂੰ ਆਪਣੀ ਪਤਨੀ ਨਾਲ ਮਿਲਾਉਣ ਦਾ ਬਹਾਨਾ ਬਣਾ ਕੇ ਵਰਗਲਾ ਲਿਆ ਅਤੇ ਉਸ ਨੂੰ ਆਪਣੇ ਦੋ-ਪਹੀਆ ਵਾਹਨ ‘ਤੇ ਇੱਕ ਸੁੰਨਸਾਨ ਇਲਾਕੇ ਵਿੱਚ ਲੈ ਗਿਆ ਜਿੱਥੇ ਉਸ ਨੇ ਕਥਿਤ ਤੌਰ ‘ਤੇ ਉਸ ਨਾਲ ਕੁੱਟਮਾਰ ਕੀਤੀ।
ਪਾਉਂਟਾ ਦੇ ਯਮੁਨਾ ਵਿਹਾਰ ਇਲਾਕੇ ਨੇੜੇ ਖੇਤਾਂ ਵਿੱਚ ਤਿੰਨ ਸਥਾਨਕ ਨੌਜਵਾਨਾਂ ਨੇ ਕਥਿਤ ਤੌਰ ‘ਤੇ ਇੱਕ ਬੱਚੀ ਨੂੰ ਚੀਕਦਿਆਂ ਸੁਣਿਆ। ਜਦੋਂ ਉਹ ਉਸ ਥਾਂ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਨੇ ਬੱਚੀ ਨੂੰ ਫੜਿਆ ਹੋਇਆ ਸੀ। ਨੌਜਵਾਨਾਂ ਨੂੰ ਆਉਂਦੇ ਦੇਖ ਕੇ ਮੁਲਜ਼ਮ ਆਪਣਾ ਦੋ-ਪਹੀਆ ਵਾਹਨ ਉੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਨੌਜਵਾਨ ਬੱਚੀ ਅਤੇ ਵਾਹਨ ਦੋਵਾਂ ਨੂੰ ਪਾਉਂਟਾ ਪੁਲੀਸ ਸਟੇਸ਼ਨ ਲੈ ਆਏ।
ਬੱਚੀ ਦੇ ਬਿਆਨ ਅਨੁਸਾਰ, ਉਹ ਪਾਉਂਟਾ ਸਾਹਿਬ ਗੁਰਦੁਆਰੇ ਦੇ ਬਾਹਰ ਆਪਣੇ ਭਰਾ ਨਾਲ ਖੇਡ ਰਹੀ ਸੀ ਜਦੋਂ ਇੱਕ ਨੌਜਵਾਨ ਉਸ ਕੋਲ ਆਇਆ ਅਤੇ ਉਸ ਨੂੰ ਇੱਕ ਸੁੰਨਸਾਨ ਇਲਾਕੇ ਵਿੱਚ ਲੈ ਗਿਆ। ਬਾਅਦ ਵਿੱਚ ਆਸ-ਪਾਸ ਦੇ ਤਿੰਨ ਨੌਜਵਾਨਾਂ ਨੇ ਉਸ ਦੀਆਂ ਚੀਕਾਂ ਸੁਣੀਆਂ ਅਤੇ ਉਸ ਦੀ ਰੱਖਿਆ ਲਈ ਆਏ।
ਸਿਰਮੌਰ ਦੇ ਐੱਸ ਪੀ ਐੱਨ ਐੱਸ ਨੇਗੀ ਨੇ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

