Himachal entry tax: ਐਂਟਰੀ ਟੈਕਸ ਹਟਾਇਆ ਨਹੀਂ ਜਾਵੇਗਾ: ਸੁੱਖੂ
ਟੈਕਸ ਹਟਾਉਣ ਦੀ ਥਾਂ ਘਟਾਇਆ ਜਾ ਸਕਦੈ; ਮੁੱਖ ਮੰਤਰੀ ਵੱਲੋਂ ਹਦਾਇਤਾਂ ਜਾਰੀ
Punjab Himachal border entry tax controversy: ਹਿਮਾਚਲ ਐਂਟਰੀ ਟੈਕਸ ਹਟਾਉਣ ਨੂੰ ਉਦੋਂ ਵਿਰਾਮ ਲੱਗ ਗਿਆ ਜਦੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਿਮਾਚਲ ਐਂਟਰੀ ਟੈਕਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਵਾਹਨਾਂ ਦੇ ਲੱਗੇ ਟੈਕਸ ਨੂੰ ਘਟਾਇਆ ਜਾ ਸਕਦਾ ਹੈ। ਇਸ ਸਬੰਧੀ ਉਨ੍ਹਾਂ ਸਬੰਧਿਤ ਵਿਭਾਗ ਅਤੇ ਠੇਕੇਦਾਰ ਨੂੰ ਟੈਕਸ ਘਟਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਸਰਹਦੀ ਪੰਜਾਬ ਦੇ ਪਿੰਡ ਜੋ 5 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਹਿਮਾਚਲ ਐਂਟਰੀ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਸ ਸਬੰਧੀ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਵਾਹਨਾਂ ਦੇ ਹਿਮਾਚਲ ਐਂਟਰੀ ਪਾਸ ਜਲਦੀ ਬਣਨੇ ਸ਼ੁਰੂ ਹੋ ਜਾਣਗੇ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਇਸ ਬਿਆਨ ਨੂੰ ਲੈ ਕੇ ਨੰਗਲ ਦੇ ਸਾਬਕਾ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਹੁਣ ਪੰਜਾਬ ਨੂੰ ਆਪਣੀਆਂ ਹੱਦਾਂ ’ਤੇ ਟੌਲ ਟੈਕਸ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਪੰਜਾਬ ਦੀ ਸਰਹੱਦ ਨਾਲ ਲੱਗਦੇ ਮਹਿਤਪੁਰ ਏਰੀਏ ਵਿੱਚ ਪੰਜਾਬ ਵਾਲੇ ਪਾਸੇ ਟੌਲ ਟੈਕਸ ਲਗਾਉਣ ਲਈ ਇਕ ਮਤਾ ਪਾਸ ਕੀਤਾ ਗਿਆ ਸੀ ਜਿਸ ਨੂੰ ਉਹਨਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਲਾਗੂ ਕਰਨ ਦੀ ਮੰਗ ਕੀਤੀ ਹੈ।
ਹਿਮਾਚਲ ਐਂਟਰੀ ਟੈਕਸ ਬੰਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ
ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਤੋਂ ਆਉਣ ਵਾਲੀਆਂ ਵਪਾਰਕ ਗੱਡੀਆਂ ਅਤੇ ਟੈਕਸੀਆਂ ’ਤੇ ਲਗਾਏ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਪੰਜਾਬ ਮੋਰਚਾ ਦੀ ਕਨਵੀਨਰ ਗੌਰਵ ਰਾਣਾ ਨੇ ਕਿਹਾ ਹੈ ਕਿ ਜਦੋਂ ਤੱਕ ਹਿਮਾਚਲ ਸਰਕਾਰ ਐਂਟਰੀ ਟੈਕਸ ਬੰਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਰਾਣਾ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਰੋਸ ਵਜੋਂ 6 ਜੁਲਾਈ ਨੂੰ ਨੂਰਪੁਰ ਬੇਦੀ ਵਿਖੇ ਵਿਖੇ ਇਕ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਹਿਮਾਚਲ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਗੌਰਵ ਰਾਣਾ ਤੋਂ ਇਲਾਵਾ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਨਲਹੋਟੀ ਟੈਕਸ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਕੀਰਤੀ ਕਿਸਾਨ ਮੋਰਚਾ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ ਅਤੇ ਆਜ਼ਾਦ ਐਕਸ਼ਨ ਯੂਨੀਅਨ ਦੇ ਵਾਈਸ ਪ੍ਰਧਾਨ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਨੂਰਪੁਰ ਬੇਦੀ ਵਿਖੇ ਹਿਮਾਚਲ ਐਂਟਰੀ ਟੈਕਸ ਬੰਦ ਕਰਵਾਉਣ ਨੂੰ ਲੈ ਕੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਐਂਟਰੀ ਟੈਕਸ ਤੁਰੰਤ ਵਾਪਸ ਨਾਲ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਫੋਟੋ ਕੈਪਸ਼ਨ: ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਕਸਬਾ ਮਹਿਤਪੁਰ ਦਾ ਉਹ ਗੇਟ ਜਿੱਥੇ ਐਂਟਰੀ ਟੈਕਸ ਲਗਾਇਆ ਗਿਆ ਹੈ

