Hemkund Sahib Yatra: ਪੰਜਾਬ ਦੀਆਂ ਦੋ ਔਰਤਾਂ ਘੋੜਿਆਂ ਤੋਂ ਡਿੱਗ ਕੇ ਜ਼ਖਮੀ
ਲੁਧਿਆਣਾ ਦੀਆਂ ਰਹਿਣ ਵਾਲੀਆਂ ਹਨ ਔਰਤਾਂ; ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ
ਉੱਤਰਾਖੰਡ ਵਿੱਚ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤਦਿਆਂ ਪੰਜਾਬ ਦੀਆਂ ਦੋ ਮਹਿਲਾ ਸ਼ਰਧਾਲੂਆਂ ਨਾਲ ਹਾਦਸਾ ਵਾਪਰ ਗਿਆ।
ਇਹ ਔਰਤਾਂ ਘੋੜਿਆਂ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਈਆਂ। ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਮਹਿਲਾਵਾਂ ਨੂੰ ਬਿਹਤਰ ਅਤੇ ਤਸੱਲੀਬਖਸ਼ ਇਲਾਜ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੈਲੀਕਾਪਟਰ ਦੀ ਮਦਦ ਰਾਹੀਂ ਗੋਵਿੰਦਘਾਟ ਪਹੁੰਚਾਇਆ ਗਿਆ ਤਾਂ ਕਿ ਉਨ੍ਹਾਂ ਦਾ ਬਿਹਤਰ ਇਲਾਜ ਹੋ ਸਕੇ।
ਇਨ੍ਹਾਂ ਸ਼ਰਧਾਲੂਆਂ ਦੀ ਪਛਾਣ ਪੰਜਾਬ ਦੇ ਲੁਧਿਆਣਾ ਸ਼ਹਿਰ ਦੀਆਂ ਰਹਿਣ ਵਾਲੀਆਂ ਵਜੋਂ ਹੋਈ ਹੈ। ਇਹ ਦੋਵੇਂ ਔਰਤਾਂ ਗੁਰਦੁਆਰੇ ਮੱਥਾ ਟੇਕਣ ਅਤੇ ਅਰਦਾਸ ਕਰਨ ਤੋਂ ਬਾਅਦ ਘੋੜਿਆਂ ’ਤੇ ਸਵਾਰ ਹੋ ਕੇ ਘਾਂਗਰੀਆ ਤੋਂ ਗੋਵਿੰਦਘਾਟ ਵਾਪਸ ਆ ਰਹੀਆਂ ਸਨ। ਪੁਲੀਸ ਨੇ ਦੱਸਿਆ ਕਿ ਜਦੋਂ ਉਹ ਰਾਮਢੁੰਗੀ ਨੇੜੇ ਪਹੁੰਚੀਆਂ ਤਾਂ ਅਚਾਨਕ ਘੋੜੇ ਤੋਂ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਗਈਆਂ ਅਤੇ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੀਆਂ ਬਚਾਅ ਟੀਮਾਂ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ। ਟੀਮ ਨੇ ਸਭ ਤੋਂ ਪਹਿਲਾਂ ਜ਼ਖਮੀ ਮਹਿਲਾਵਾਂ ਨੂੰ ਮੌਕੇ 'ਤੇ ਹੀ ਮੁਢਲੀ ਸਹਾਇਤਾ ਦਿੱਤੀ । ਇਸ ਤੋਂ ਬਾਅਦ ਉਨ੍ਹਾਂ ਨੂੰ ਹੈਲੀਪੈਡ ਤੱਕ ਲਿਜਾਇਆ ਗਿਆ ਅਤੇ ਉੱਥੋਂ ਹਵਾਈ ਰਸਤੇ ਰਾਹੀਂ ਅਗਲੇਰੇ ਇਲਾਜ ਲਈ ਗੋਵਿੰਦਘਾਟ ਰਵਾਨਾ ਕਰ ਦਿੱਤਾ ਗਿਆ।

