ਮੁੰਬਈ/ਇੰਦੌਰ, 10 ਅਗਸਤ
ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਦੋ ਯੂਨੀਵਰਸਿਟੀਆਂ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ, ਜਦੋਂਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਲਗਾਤਾਰ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹ ਗਿਆ, ਜਿਸ ਵਿੱਚ ਕਈ ਕਾਰਾਂ ਵਹਿ ਗਈਆਂ।
ਭਾਰਤੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਵੀਰਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਮੰਗਲਵਾਰ ਤੋਂ ਤੇਜ਼ ਹਵਾਵਾਂ ਦੇ ਨਾਲ ਦਰਮਿਆਨਾ ਮੀਂਹ ਪੈ ਰਿਹਾ ਹੈ ਅਤੇ ਅਗਲੇ 24 ਘੰਟਿਆਂ ਦੌਰਾਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਮੀਂਹ ਪੈਣ ਦੇ ਕਾਰਨਾਂ ਬਾਰੇ ਪੁੱਛਣ ’ਤੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਘੱਟ ਦਬਾਅ ਵਾਲੇ ਖੇਤਰ ਨੇ ਅਰਬ ਸਾਗਰ ਤੋਂ ਤੇਜ਼ ਹਵਾਵਾਂ ਨੂੰ ਆਪਣੇ ਵੱਲ ਖਿੱਚਿਆ ਹੈ, ਜਿਸ ਕਾਰਨ ਇਸ ਹਿੱਸੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੁੰਬਈ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 26.87 ਐੱਮਐੱਮ, ਜਦੋਂਕਿ ਪੂਰਬੀ ਤੇ ਪੱਛਮੀ ਉਪ ਨਗਰ ਵਿੱਚ ਕ੍ਰਮਵਾਰ 31.38 ਐੱਮਐੱਮ ਅਤੇ 33.06 ਐੱਮਐੱਮ ਮੀਂਹ ਪਿਆ।
ਉਧਰ, ਪੱਛਮੀ ਮਹਾਰਾਸ਼ਟਰ ਦੇ ਕੋਹਲਾਪੁਰ, ਸਾਂਗਲੀ ਅਤੇ ਸਤਾਰਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਫਿਰ ਹੜ੍ਹਾਂ ਦੀ ਸਥਿਤੀ ਕਾਰਨ ਕੋਹਲਾਪੁਰ ਯੂਨੀਵਰਸਿਟੀ ਦੀਆਂ ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਕੋਹਲਾਪੁਰ ਵਿੱਚ ਪੰਚਗੰਗਾ ਦਰਿਆ ਵਿੱਚ ਪਾਣੀ ਚਿਤਾਵਨੀ ਦੇ ਪੱਧਰ ਨੂੰ ਪਾਰ ਕਰ ਗਿਆ ਹੈ।
ਇਸੇ ਦੌਰਾਨ ਵਿਦਰਭਾ ਖੇਤਰ ਵਿੱਚ ਭਾਰੀ ਮੀਂਹ ਕਾਰਨ ਨਾਗਪੁਰ ਯੂਨੀਵਰਸਿਟੀ ਨੇ ਅੱਜ ਹੋਣ ਵਾਲੀਆਂ ਆਪਣੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਉਧਰ, ਮੱਧ ਪ੍ਰਦੇਸ਼ ਵਿੱਚ ਇੰਦੌਰ ਕੁਲੈਕਟਰ ਮਨੀਸ਼ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਨਿਹਾਲਪੁਰ ਮੰਡੀ ਖੇਤਰ ਦਾ ਛੱਪੜ ਓਵਰਫਲੋਅ ਹੋਣ ਕਾਰਨ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ, ਜਿਸ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। -ਪੀਟੀਆਈ