ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉੱਤਰ-ਪੂਰਬੀ ਸੂਬਿਆਂ ਵਿੱਚ ਭਾਰੀ ਮੀਂਹ ਦਾ ਕਹਿਰ ਜਾਰੀ

ਅਸਾਮ, ਮਨੀਪੁਰ ਅਤੇ ਮਿਜ਼ੋਰਮ ਵਿੱਚ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਵੱਡੀ ਗਿਣਤੀ ਲੋਕ ਪ੍ਰਭਾਵਿਤ; w ਹਵਾਈ ਫ਼ੌਜ ਨੇ ਬੋਮਜੀਰ ਨਦੀ ਵਿੱਚ ਫਸੇ 14 ਵਿਅਕਤੀਆਂ ਨੂੰ ਬਚਾਇਆ
ਅਸਾਮ ਦੇ ਨਾਗਾਓਂ ਜ਼ਿਲ੍ਹੇ ਦੇ ਕਾਮਪੁਰ ਇਲਾਕੇ ’ਚ ਹੜ੍ਹਾਂ ਦੇ ਪਾਣੀ ’ਚੋਂ ਲੰਘਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਗੁਹਾਟੀ/ਇੰਫਾਲ, 1 ਜੂਨ

ਉੱਤਰ-ਪੂਰਬੀ ਸੂਬਿਆਂ ਅਸਾਮ, ਮਨੀਪੁਰ ਅਤੇ ਮਿਜ਼ੋਰਮ ਵਿੱਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਅਸਾਮ ਵਿੱਚ ਅੱਜ ਵੀ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਸੜਕੀ ਆਵਾਜਾਈ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ। ਸੂਬੇ ਵਿੱਚ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਹੁਣ ਤੱਕ ਅੱਠ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਅਸਾਮ-ਅਰੁਣਾਚਲ ਸਰਹੱਦ ’ਤੇ ਬੋਮਜੀਰ ਨਦੀ ਵਿੱਚ ਫਸੇ 14 ਵਿਅਕਤੀਆਂ ਨੂੰ ਅੱਜ ਭਾਰਤੀ ਹਵਾਈ ਸੈਨਾ (ਆਈਏਐੱਫ) ਦੇ ਜਵਾਨਾਂ ਨੇ ਬਚਾਇਆ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਸੂਬੇ ਦੇ 15 ਤੋਂ ਵੱਧ ਜ਼ਿਲ੍ਹਿਆਂ ਵਿੱਚ 78,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਨੇ ਸੂਬੇ ਵਿੱਚ ‘ਗੰਭੀਰ ਹੜ੍ਹ ਦੀ ਸਥਿਤੀ’ ਦੇ ਮੱਦੇਨਜ਼ਰ ‘ਓਰੇਂਜ ਬੁਲੇਟਿਨ’ ਜਾਰੀ ਕੀਤਾ ਹੈ। ਬ੍ਰਹਮਪੁੱਤਰ ਅਤੇ ਬਰਾਕ ਸਮੇਤ 10 ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਬ੍ਰਹਮਪੁੱਤਰ ਵਿੱਚ ਪਾਣੀ ਦਾ ਵਧ ਰਿਹਾ ਪੱਧਰ ਡਿਬਰੂਗੜ੍ਹ ਦੇ ਵਸਨੀਕਾਂ ਲਈ ਖ਼ਤਰਾ ਬਣਿਆ ਹੋਇਆ ਹੈ। ਇਸ ਵੇਲੇ ਨਦੀ 105.85 ਮੀਟਰ ਦੇ ਪੱਧਰ ’ਤੇ ਵਹਿ ਰਹੀ ਹੈ, ਜੋ ਕਿ ਖ਼ਤਰੇ ਦੇ ਪੱਧਰ 105.70 ਮੀਟਰ ਤੋਂ ਥੋੜ੍ਹਾ ਉੱਪਰ ਹੈ। ਮੀਂਹ ਦੇ ਨਾਲ-ਨਾਲ ਗੁਆਂਢੀ ਸੂਬੇ ਮੇਘਾਲਿਆ ਤੋਂ ਆ ਰਿਹਾ ਪਾਣੀ ਸਥਿਤੀ ਨੂੰ ਹੋਰ ਗੰਭੀਰ ਬਣਾ ਰਿਹਾ ਹੈ।

ਮਨੀਪੁਰ ਵਿੱਚ ਪਿਛਲੇ 48 ਘੰਟਿਆਂ ਵਿੱਚ ਭਾਰੀ ਮੀਂਹ ਕਰਕੇ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਕਾਰਨ 3,802 ਲੋਕ ਪ੍ਰਭਾਵਿਤ ਹੋਏ ਹਨ ਅਤੇ 883 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਅਤੇ ਨਦੀਆਂ ਦੇ ਬੰਨ੍ਹ ਟੁੱਟਣ ਕਾਰਨ ਸੂਬੇ ਦੀ ਰਾਜਧਾਨੀ ਇੰਫਾਲ ਅਤੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਕਈ ਖੇਤਰ ਪਾਣੀ ਵਿੱਚ ਡੁੱਬ ਗਏ ਹਨ। ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਇੰਫਾਲ ਸ਼ਹਿਰ ਦੇ ਕਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸੇ ਤਰ੍ਹਾਂ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਇੰਫਾਲ ਪੂਰਬੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲਗਪਗ 800 ਲੋਕਾਂ ਨੂੰ ਬਚਾਇਆ। ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਤੱਕ ਕੁੱਲ 3,275 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਦੌਰਾਨ ਦੋ ਵਿਅਕਤੀ ਜ਼ਖਮੀ ਅਤੇ 64 ਜਾਨਵਰ ਮਾਰੇ ਜਾ ਚੁੱਕੇ ਹਨ।

ਮਿਜ਼ੋਰਮ ਦੇ ਸੇਰਛਿਪ ਕਸਬੇ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 30 ਮਈ ਤੋਂ ਪੈ ਰਹੇ ਭਾਰੀ ਮੀਂਹ ਨੇ ਮਿਜ਼ੋਰਮ ਦੇ ਸੇਰਛਿਪ ਜ਼ਿਲ੍ਹੇ ਵਿੱਚ ਤਬਾਹੀ ਮਚਾਈ ਹੋਈ ਹੈ। ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ ਨੇ ਕਿਹਾ ਕਿ ਸੇਰਛਿਪ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦਿਨਥਰ ਵੇਂਗ ਖੇਤਰ ਵਿੱਚ ਚਾਰ ਘਰ ਢਹਿ ਗਏ ਅਤੇ ਸੜਕਾਂ ਬੰਦ ਹੋ ਗਈਆਂ ਹਨ। -ਪੀਟੀਆਈ

ਸ਼ਾਹ ਵੱਲੋਂ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ

ਗੁਹਾਟੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹੜ੍ਹ ਪ੍ਰਭਾਵਿਤ ਸੂਬਿਆਂ ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਦੇ ਮੁੱਖ ਮੰਤਰੀਆਂ, ਜਦਕਿ ਮਨੀਪੁਰ ਦੇ ਰਾਜਪਾਲ ਨਾਲ ਫੋਨ ’ਤੇ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਾਰੇ ਸੂਬਿਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਸ਼ਾਹ ਨੇ ਅੱਜ ਅਸਾਮ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਫ਼ੋਨ ’ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਐਕਸ ’ਤੇ ਕਿਹਾ, ‘ਮੈਂ ਉਨ੍ਹਾਂ ਨੂੰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ ਅਤੇ ਉਨ੍ਹਾਂ ਸੂਬੇ ਲਈ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।’ -ਪੀਟੀਆਈ

Advertisement