Umar Khalid ਤੇ Sharjeel Imam ਦੀ Bail ਅਰਜ਼ੀ ’ਤੇ Hearing 30 ਨੂੰ
ਦਿੱਲੀ ’ਚ 2020 ਦੇ ਦੰਗਿਆਂ ਦੇ ਮਾਮਲੇ ’ਚ ਯੂ ਏ ਪੀ ਏ ਤਹਿਤ ਦਰਜ ਕੇਸ ’ਚ ਕਾਰਕੁਨਾਂ ਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਦਿੱਲੀ ਹਾਈ ਕੋਰਟ ਨੇ 30 ਸਤੰਬਰ ਲਈ ਸੂਚੀਬੱਧ ਕਰ ਦਿੱਤੀ ਹੈ। ਜਸਟਿਸ ਪ੍ਰਤਿਭਾ...
ਦਿੱਲੀ ’ਚ 2020 ਦੇ ਦੰਗਿਆਂ ਦੇ ਮਾਮਲੇ ’ਚ ਯੂ ਏ ਪੀ ਏ ਤਹਿਤ ਦਰਜ ਕੇਸ ’ਚ ਕਾਰਕੁਨਾਂ ਉਮਰ ਖ਼ਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਦਿੱਲੀ ਹਾਈ ਕੋਰਟ ਨੇ 30 ਸਤੰਬਰ ਲਈ ਸੂਚੀਬੱਧ ਕਰ ਦਿੱਤੀ ਹੈ। ਜਸਟਿਸ ਪ੍ਰਤਿਭਾ ਐੱਮ ਸਿੰਘ ਅਤੇ ਜਸਟਿਸ ਦਿਨੇਸ਼ ਭੱਟ ਨੇ ਦਿੱਲੀ ਪੁਲੀਸ ਦੇ ਵਕੀਲ ਵੱਲੋਂ ਸੁਣਵਾਈ ਮੁਲਤਵੀ ਕਰਨ ਦੀ ਮੰਗ ’ਤੇ ਤਰੀਕ ਅੱਗੇ ਪਾ ਦਿੱਤੀ। ਵਿਸ਼ੇਸ਼ ਸਰਕਾਰੀ ਵਕੀਲ ਮਧੂਕਰ ਪਾਂਡੇ ਨੇ ਕਿਹਾ ਕਿ ਸਿਹਤ ਕਾਰਨਾਂ ਕਰ ਕੇ ਵਧੀਕ ਸੌਲੀਸਿਟਰ ਜਨਰਲ ਐੱਸ ਵੀ ਰਾਜੂ ਸੁਣਵਾਈ ਦੌਰਾਨ ਹਾਜ਼ਰ ਨਹੀਂ ਰਹਿਣਗੇ। ਖ਼ਾਲਿਦ ਅਤੇ ਇਮਾਮ ਨੇ ਹੇਠਲੀ ਅਦਾਲਤ ਵੱਲੋਂ ਤੀਜੀ ਵਾਰ ਜ਼ਮਾਨਤ ਅਰਜ਼ੀਆਂ ਰੱਦ ਕੀਤੇ ਜਾਣ ਮਗਰੋਂ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਖ਼ਾਲਿਦ ਅਤੇ ਇਮਾਮ ਨੂੰ ਦੰਗਿਆਂ ਦੇ ਸਾਜ਼ਿਸ਼ਘਾੜੇ ਕਰਾਰ ਦਿੰਦਿਆਂ ਯੂ ਏ ਪੀ ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਜਾਂਚ ਕੀਤੇ ਜਾ ਰਹੇ ਮਾਮਲੇ ’ਚ ਕਾਰਕੁਨ ਖ਼ਾਲਿਦ ਸੈਫੀ ਅਤੇ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਸਮੇਤ ਹੋਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਹੁਣ ਨਵੰਬਰ ’ਚ ਸੁਣਵਾਈ ਹੋਵੇਗੀ।
ਅੱਠ ਵਿਦਿਆਰਥੀਆਂ ਨੂੰ ਨੋਟਿਸ ਜਾਰੀ
ਨਵੀਂ ਦਿੱਲੀ: ਹੈਦਰਾਬਾਦ ਦੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਾਰਮੇਸ਼ਨ ਟੈਕਨਾਲੋਜੀ (ਆਈ ਆਈ ਆਈ ਟੀ) ਨੇ ‘ਨਾ ਜ਼ੁਲਮ, ਨਾ ਖਾਮੋਸ਼ੀ’ ਨਾਮ ਦੀ ਜਥੇਬੰਦੀ ਨਾਲ ਜੁੜੇ ਅੱਠ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ ਜਾਰੀ ਕੀਤੀ ਹੈ। ਇੰਸਟੀਚਿਊਟ ਨੇ ਕਿਹਾ ਕਿ ਇਹ ਗਰੁੱਪ ਅਧਿਕਾਰਤ ਨਹੀਂ ਹੈ। ਇਹ ਗਰੁੱਪ ਕੈਂਪਸ ’ਚ ਜਾਤੀ, ਮੈਰਿਟ ਅਤੇ ਸਿਆਸਤ ਵਰਗੇ ਮੁੱਦਿਆਂ ’ਤੇ ਚਰਚਾਵਾਂ ਕਰਾਉਂਦਾ ਆ ਰਿਹਾ ਹੈ। ਇਸ ਮੰਚ ਨੇ 18 ਸਤੰਬਰ ਨੂੰ ਜੇਲ੍ਹ ’ਚ ਬੰਦ ਕਾਰਕੁਨ ਉਮਰ ਖ਼ਾਲਿਦ ਬਾਰੇ ਦਸਤਾਵੇਜ਼ੀ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਜਿਸ ਨੂੰ ਸੈਂਸਰ ਬੋਰਡ ਦੇ ਇਤਰਾਜ਼ ਮਗਰੋਂ ਰੱਦ ਕਰ ਦਿੱਤਾ ਗਿਆ ਸੀ। -ਪੀਟੀਆਈ

