ਨਵੀਂ ਦਿੱਲੀ: ਯੂਪੀ ਦੇ ਮਥੁਰਾ ਵਿੱਚ ਸਥਿਤ ਕ੍ਰਿਸ਼ਨ ਜਨਮਭੂਮੀ ਨੇੜੇ ਕਥਿਤ ਨਾਜਾਇਜ਼ ਉਸਾਰੀਆਂ ਢਾਹੁਣ ਸਬੰਧੀ ਦਾਖ਼ਲ ਇੱਕ ਅਪੀਲ ’ਤੇ ਸੁਪਰੀਮ ਕੋਰਟ ਵੱਲੋਂ ਭਲਕੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੇਸਾਂ ਦੀ ਸੂਚੀ ਮੁਤਾਬਕ ਇਸ ਅਪੀਲ ਉੱਤੇ ਸੁਣਵਾਈ ਜਸਟਿਸ ਅਨਿਰੁੱਧ ਬੋਸ, ਸੰਜੈ ਕੁਮਾਰ ਅਤੇ ਐੱਸਵੀਐੱਨ ਭੱਟੀ ਵੱਲੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ 16 ਅਗਸਤ ਨੂੰ ਸਰਵਉੱਚ ਅਦਾਲਤ ਨੇ ਅਪੀਲ ਉੱਤੇ ਸੁਣਵਾਈ ਦੌਰਾਨ ਨਾਜਾਇਜ਼ ਉਸਾਰੀਆਂ ਢਾਹੁਣ ਸਬੰਧੀ ਰੇਲਵੇ ਅਧਿਕਾਰੀਆਂ ਵੱਲੋਂ ਚਲਾਈ ਜਾਣ ਵਾਲੀ ਮੁਹਿੰਮ ਉੱਤੇ ਦਸ ਦਿਨਾਂ ਲਈ ਰੋਕ ਲਾ ਦਿੱਤੀ ਸੀ। ਅਦਾਲਤ ਨੇ ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਅਪੀਲਕਰਤਾ ਯਾਕੂਬ ਸ਼ਾਹ ਵੱਲੋਂ ਦਾਇਰ ਅਪੀਲ ’ਤੇ ਉਨ੍ਹਾਂ ਦੇ ਜੁਆਬ ਮੰਗੇ ਸਨ। -ਪੀਟੀਆਈ