ਨਵੀਂ ਦਿੱਲੀ, 8 ਦਸੰਬਰ
ਬੰਬੇ ਹਾਈ ਕੋਰਟ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ ਐੱਨ ਸਾਈਬਾਬਾ ਨੂੰ ਬਰੀ ਕਰਨ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਦੀ ਅਰਜ਼ੀ ‘ਤੇ ਸੁਪਰੀਮ ਕੋਰਟ 17 ਜਨਵਰੀ, 2023 ਨੂੰ ਸੁਣਵਾਈ ਕਰੇਗਾ। ਜਸਟਿਸ ਐੱਮ ਆਰ ਸ਼ਾਹ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਸਬੰਧਿਤ ਧਿਰਾਂ ਨੂੰ ਦਲੀਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੈਂਚ ਨੇ ਕਿਹਾ ਕਿ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਮੁਤਾਬਕ 10 ਜਿਲਦਾਂ ਵਾਲਾ ਰਿਕਾਰਡ ਪੂਰੇ ਸਬੂਤਾਂ ਸਮੇਤ ਇਕ ਹਫ਼ਤੇ ਦੇ ਅੰਦਰ ਦਾਖ਼ਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਰੋਧ ਹੈ ਤਾਂ ਉਸ ਨੂੰ 10 ਦਿਨਾਂ ਦੇ ਅੰਦਰ ਦਰਜ ਕਰਾਉਣਾ ਹੋਵੇਗਾ। ਸਾਈਬਾਬਾ ਵੱਲੋਂ ਸੀਨੀਅਰ ਵਕੀਲ ਆਰ ਬਸੰਤ ਪੇਸ਼ ਹੋਏ। ਸਿਖਰਲੀ ਅਦਾਲਤ ਨੇ 15 ਅਕਤੂਬਰ ਨੂੰ ਮਾਓਵਾਦੀਆਂ ਨਾਲ ਸਬੰਧ ਦੇ ਮਾਮਲੇ ‘ਚ ਸਾਈਬਾਬਾ ਅਤੇ ਹੋਰਾਂ ਨੂੰ ਬਰੀ ਕਰਨ ਦੇ ਬੰਬੇ ਹਾਈ ਕੋਰਟ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਸੀ। ਬੈਂਚ ਨੇ ਸਾਈਬਾਬਾ ਦੀ ਅਪੰਗਤਾ ਅਤੇ ਸਿਹਤ ਠੀਕ ਨਾ ਹੋਣ ਦੇ ਹਵਾਲੇ ਨਾਲ ਰਿਹਾਈ ਅਤੇ ਘਰ ‘ਚ ਨਜ਼ਰਬੰਦ ਕਰਨ ਦੀ ਕੀਤੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਮਹਾਰਾਸ਼ਟਰ ਸਰਕਾਰ ਨੇ ਇਸ ਬੇਨਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਸੀ ‘ਅਰਬਨ ਨਕਸਲੀਆਂ’ ਨੇ ਘਰ ‘ਚ ਨਜ਼ਰਬੰਦੀ ਦਾ ਨਵਾਂ ਰੁਝਾਨ ਸ਼ੁਰੂ ਕਰ ਦਿੱਤਾ ਹੈ। ਸਾਈਬਾਬਾ ਦੀ 2014 ‘ਚ ਗ੍ਰਿਫ਼ਤਾਰੀ ਤੋਂ ਬਾਅਦ ਹਾਈ ਕੋਰਟ ਨੇ ਇਸ ਸਾਲ 14 ਅਕਤੂਬਰ ਨੂੰ ਸਾਈਬਾਬਾ ਅਤੇ ਹੋਰਾਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। -ਪੀਟੀਆਈ