ਹਰਿਆਣਾ ਸਰਕਾਰ ਵੱਲੋਂ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦੀ ਸ਼ੁਰੂਆਤ
ਮੁੱਖ ਮੰਤਰੀ ਨਾਇਬ ਸੈਣੀ ਨੇ ਸੂਬੇ ਦੀਆਂ 5.22 ਲੱਖ ਅੌਰਤਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਰਕਮ;
ਹਰਿਆਣਾ ਸਰਕਾਰ ਨੇ ਅੱਜ ‘ਹਰਿਆਣਾ ਦਿਵਸ’ ਮੌਕੇ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਤਹਿਤ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਪਹਿਲੇ ਪੜਾਅ ਤਹਿਤ ਸੂਬੇ ਦੀਆਂ 5.22 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ 2100-2100 ਰੁਪਏ ਟਰਾਂਸਫਰ ਕਰ ਦਿੱਤੇ ਹਨ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ 25 ਸਤੰਬਰ ਨੂੰ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਲਈ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਐਪ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਤਹਿਤ 31 ਅਕਤੂਬਰ ਤੱਕ 6.97 ਲੱਖ ਔਰਤਾਂ ਨੇ ਰਜ਼ਿਸਟਰੇਸ਼ਨ ਕੀਤੀ ਹੈ। ਇਨ੍ਹਾਂ ਵਿੱਚੋਂ ਵੈਰੀਫਿਕੇਸ਼ਨ ਕਰਨ ਉਪਰੰਤ 5.22 ਲੱਖ ਔਰਤਾਂ ਨੂੰ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਇਕ ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ 23 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਰਜਿਸਟਰ ਹੋਣ ਵਾਲੀਆਂ ਹੋਰਨਾਂ ਔਰਤਾਂ ਨੂੰ ਵੀ 2100-2100 ਰੁਪਏ ਦਿੱਤੇ ਜਾਣਗੇ। ਸਰਕਾਰ ਨੇ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਲਈ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਲਈ ਵਿੱਤੀ ਵਰ੍ਹੇ 2025-26 ਵਾਸਤੇ ਪੰਜ ਹਜ਼ਾਰ ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਪਹਿਲੀ ਨਵੰਬਰ ਤੋਂ 25 ਨਵੰਬਰ ਤੱਕ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਸੂਬਾ ਸਰਕਾਰ ਵੱਲੋਂ ਹਰਿਆਣਾ ਭਰ ਵਿੱਚ 350 ਖੂਨਦਾਨ ਕੈਂਪ ਲਗਾਏ ਜਾਣਗੇ ਜਿਸ ਵਿੱਚ ਘੱਟੋ-ਘੱਟ 350 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਜਾਵੇਗਾ।
‘ਆਪ’ ਨੇ ਔਰਤਾਂ ਨੂੰ ਝੂਠ ਬੋਲ ਕੇ ਵੋਟਾਂ ਬਟੋਰੀਆਂ: ਨਾਇਬ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ ਕਰ ਕੇ ਵੋਟਾਂ ਹਾਸਲ ਕੀਤੀਆਂ ਸਨ ਪਰ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਹਾਲੇ ਤੱਕ ਇਕ ਹਜ਼ਾਰ ਰੁਪਏ ਮਹੀਨਾ ਨਹੀਂ ਦਿੱਤਾ ਗਿਆ। ਉਨ੍ਹਾਂ ਕਾਂਗਰਸ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਨੇ ਵੀ ਹਿਮਾਚਲ ਪ੍ਰਦੇਸ਼ ਵਿੱਚ ਔਰਤਾਂ ਨਾਲ ਝੂਠ ਬੋਲਿਆ ਹੈ।

