ਮੁੰਬਈ, 3 ਅਗਸਤ
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੋਵਿਡ-19 ਦੇ ਇਲਾਜ ਦੌਰਾਨ ਉਹਦੀ ਤਿਮਾਰਦਾਰੀ ਕਰਨ ਵਾਲੇ ਡਾਕਟਰਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਅਮਿਤਾਭ ਨੇ ਕਿਹਾ ਕਿ ਕਰੋਨਾ ਮੁਕਤ ਹੋਣ ਮਗਰੋਂ ਘਰ ਵਾਪਸੀ ਨਾਲ ਉਹ ਖੁਸ਼ ਹੈ, ਪਰ ਆਪਣੇ ਪੁੱਤਰ ਅਭਿਸ਼ੇਕ ਲਈ ਅਜੇ ਵੀ ਫ਼ਿਕਰਮੰਦ ਹੈ। ਐਤਵਾਰ ਨੂੰ ਕਰੋਨਾ ਰਿਪੋਰਟ ਨੈਗੇਟਿਵ ਆਉਣ ਮਗਰੋਂ ਅਮਿਤਾਭ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਸੀ। 11 ਜੁਲਾਈ ਨੂੰ ਕਰੋਨਾ ਦੀ ਲਾਗ ਲੱਗਣ ਦੀ ਪੁਸ਼ਟੀ ਮਗਰੋਂ ਅਮਿਤਾਭ ਤੇ ਉਨ੍ਹਾਂ ਦੇ ਅਦਾਕਾਰ ਪੁੱਤਰ ਅਭਿਸ਼ੇਕ ਬੱਚਨ ਨੂੰ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਭਿਸ਼ੇਕ ਅਜੇ ਵੀ ਲਾਗ ਨਾਲ ਪੀੜਤ ਹੋਣ ਕਰਕੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਅਮਿਤਾਭ ਨੇ ਆਪਣੇ ਬਲਾਗ ’ਚ ਲਿਖਿਆ, ‘ਕਰੋਨਾ ਮੁਕਤ ਹੋਣ ਮਗਰੋਂ ਹਸਪਤਾਲ ਤੋਂ ਘਰ ਆ ਕੇ ਖ਼ੁਸ਼ ਹਾਂ, ਪਰ ਅਭਿਸ਼ੇਕ ਦੇ ਅਜੇ ਵੀ ਡਾਕਟਰਾਂ ਦੀ ਨਿਗਰਾਨੀ ’ਚ ਹੋਣ ਕਰਕੇ ਥੋੜ੍ਹਾ ਫਿਕਰਮੰਦ ਹਾਂ। ਉਹਦੇ ਘਰ ਆਉਣ ਲਈ ਅਰਦਾਸ ਕਰ ਰਿਹਾ ਹਾਂ।’