Gyanesh Kumar ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਮੁੱਖ ਚੋਣ ਕਮਿਸ਼ਨਰ ਵੱਲੋਂ ਮਨਮਾਨੇ ਢੰਗ ਨਾਲ ਫ਼ੈਸਲੇ ਕਰਨ ਦਾ ਮਾਮਲਾ
ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕੀਤੇ ਫ਼ੈਸਲਿਆਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸਾਫਟਵੇਅਰ ’ਚ ਤਬਦੀਲੀ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਗਈ ਹੈ। ਅਰਜ਼ੀ ’ਚ ਕਿਹਾ ਗਿਆ ਕਿ ਅਜਿਹੇ ਕਦਮ ਸਮੂਹਿਕ ਫ਼ੈਸਲੇ ਕਰਨ ਦੀ ਵਿਧਾਨਕ ਲੋੜ ਦੀ ਉਲੰਘਣਾ ਕਰਦੇ ਹਨ।
ਵਕੀਲ ਚਾਂਦ ਕੁਰੈਸ਼ੀ ਰਾਹੀਂ ਵਕੀਲ ਸ਼ੈਲੇਂਦਰ ਮਣੀ ਤ੍ਰਿਪਾਠੀ ਵੱਲੋਂ ਦਾਖ਼ਲ ਅਰਜ਼ੀ ’ਚ ਅਪੀਲ ਕੀਤੀ ਗਈ ਹੈ ਕਿ ਗਿਆਨੇਸ਼ ਕੁਮਾਰ ਵੱਲੋਂ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਕੀਤੇ ਫ਼ੈਸਲਿਆਂ ਨੂੰ ਗ਼ੈਰ-ਸੰਵਿਧਾਨਕ ਐਲਾਨਦਿਆਂ ਰੱਦ ਕੀਤਾ ਜਾਵੇ। ਅਰਜ਼ੀਕਾਰ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਸਰਕਾਰੀ ਫਰਜ਼ ਦੀ ਉਲੰਘਣਾ ਨਾਲ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਅਰਜ਼ੀ ’ਚ ਕਿਹਾ ਗਿਆ ਕਿ ਕਿਸੇ ਵੀ ਵਿਧਾਨਕ ਜਾਂ ਸੰਵਿਧਾਨਕ ਸੁਰੱਖਿਆ ਤੋਂ ਵਾਂਝੇ ਹੋਣ ’ਤੇ ਮੁੱਖ ਚੋਣ ਕਮਿਸ਼ਨਰ ਕਾਨੂੰਨ ਤਹਿਤ ਸਿੱਧੇ ਜਵਾਬਦੇਹ ਹੁੰਦਾ ਹੈ। ਉਹ ਪੁਲੀਸ ਜਾਂਚ, ਸਬੂਤ ਇਕੱਠੇ ਕਰਨ ਅਤੇ ਆਮ ਮੁਲਜ਼ਮ ਵਾਂਗ ਨਿਯਮਤ ਸੁਣਵਾਈ ਦੇ ਘੇਰੇ ਹੇਠ ਆਉਂਦੇ ਹਨ। ਇਹ ਅਰਜ਼ੀ ਅੰਗਰੇਜ਼ੀ ਦੇ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਕੁਝ ਦਿਨਾਂ ਬਾਅਦ ਦਾਖ਼ਲ ਕੀਤੀ ਗਈ ਹੈ ਜਿਸ ’ਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਐੱਸ ਆਈ ਆਰ ਨਾਲ ਜੁੜੇ ਫ਼ੈਸਲਿਆਂ ਅਤੇ ਹੁਕਮਾਂ ’ਤੇ 14 ਵਾਰ ਇਤਰਾਜ਼ ਦਰਜ ਕਰਵਾਏ ਸਨ। ਅਰਜ਼ੀਕਾਰ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ ਐਕਟ-2023 ਦੀਆਂ ਧਾਰਾਵਾਂ ਦਾ ਹਵਾਲਾ ਦਿੱਤਾ ਹੈ ਜਿਸ ’ਚ ਉਚੇਚੇ ਤੌਰ ’ਤੇ ਧਾਰਾ 18 ਦਾ ਜ਼ਿਕਰ ਕੀਤਾ ਗਿਆ ਹੈ। ਇਸ ਧਾਰਾ ਤਹਿਤ ਚੋਣ ਕਮਿਸ਼ਨ ਦੇ ਫ਼ੈਸਲੇ ਕਰਨ ਦੀ ਪ੍ਰਕਿਰਿਆ ਦਾ ਪ੍ਰਬੰਧ ਹੈ ਅਤੇ ਕਿਹਾ ਗਿਆ ਹੈ ਕਿ ਜੇ ਕਿਸੇ ਵਿਸ਼ੇ ’ਤੇ ਮਤਭੇਦ ਹੁੰਦਾ ਹੈ ਤਾਂ ਬਹੁਮਤ ਦਾ ਫ਼ੈਸਲਾ ਲਾਗੂ ਹੋਵੇਗਾ। ਅਰਜ਼ੀ ’ਚ ਗੋਆ ਅਤੇ ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ ਨਾਲ ਜੁੜੇ ਮਾਮਲਿਆਂ ’ਤੇ ਵੀ ਚਿੰਤਾ ਜਤਾਈ ਗਈ ਹੈ। ਅਰਜ਼ੀ ’ਚ ਦੋਸ਼ਾਂ ਦੀ ਨਿਰਪੱਖ ਜਾਂਚ ਕਰਾਉਣ ਅਤੇ ਗੋਆ ਦੇ 97 ਵੋਟਰਾਂ ਅਤੇ ਅਜਿਹੇ ਹੀ ਹਾਲਾਤ ਵਾਲੇ ਹੋਰ ਲੋਕਾਂ ਦੇ ਨਾਮ ਬਹਾਲ ਕਰਨ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਗਈ ਹੈ।
ਐੱਨ ਡੀ ਏ ਭਾਈਵਾਲਾਂ ਨੇ ਚੋਣ ਕਮਿਸ਼ਨ ਤੋਂ ਸਪੱਸ਼ਟੀਕਰਨ ਮੰਗਿਆ
ਪਟਨਾ: ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ, ਟੀ ਡੀ ਪੀ ਦੇ ਲੋਕ ਸਭਾ ਮੈਂਬਰ ਐੱਲ ਸ੍ਰੀਕ੍ਰਿਸ਼ਨਾ ਦੇਵਰਯਾਲੂ ਅਤੇ ਰਾਸ਼ਟਰੀ ਲੋਕ ਮੋਰਚਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਅਦਾਰੇ ’ਤੇ ਲੱਗੇ ਦੋਸ਼ਾਂ ਦਾ ਜਵਾਬ ਦੇਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਰਦਰਸ਼ਤਾ ਨਾਲ ਸੰਵਿਧਾਨਕ ਸੰਸਥਾ ’ਚ ਭਰੋਸਾ ਹੋਰ ਵਧੇਗਾ। ਚਿਰਾਗ ਨੇ ਕਿਹਾ ਕਿ ਉਹ ਭਾਵੇਂ ਸਰਕਾਰ ਦਾ ਹਿੱਸਾ ਹਨ ਪਰ ਉਹ ਸੰਵਿਧਾਨਕ ਅਦਾਰੇ ਦਾ ਬਚਾਅ ਨਹੀਂ ਕਰਨਗੇ ਕਿਉਂਕਿ ਲੋਕਾਂ ਦੇ ਮਨਾਂ ’ਚ ਖ਼ਦਸ਼ੇ ਪੈਦਾ ਕਰ ਦਿੱਤੇ ਗਏ ਹਨ। ਉਹ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਵੱਲੋਂ ਲਾਏ ਦੋਸ਼ਾਂ ਦੀ ਪਰਵਾਹ ਨਹੀਂ ਕਰਦੇ ਹਨ ਪਰ ਜੇ ਲੋਕਾਂ ਦਾ ਚੋਣ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਤਾਂ ਇਹ ਲੋਕਤੰਤਰ ਲਈ ਸਹੀ ਨਹੀਂ ਹੋਵੇਗਾ ਜਿਸ ਕਾਰਨ ਚੋਣ ਕਮਿਸ਼ਨ ਨੂੰ ਅੱਗੇ ਆ ਕੇ ਪੂਰੀ ਤਾਕਤ ਨਾਲ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉੱਧਰ, ਉਪੇਂਦਰ ਕੁਸ਼ਵਾਹਾ ਨੇ ਚੋਣ ਕਮਿਸ਼ਨ ਤੋਂ ਸਫਾਈ ਮੰਗਦਿਆਂ ਕਿਹਾ ਕਿ ਲੋਕਾਂ ਦੇ ਖ਼ਦਸ਼ੇ ਦੂਰ ਕੀਤੇ ਜਾਣੇ ਚਾਹੀਦੇ ਹਨ। ਉਂਝ, ਇਸ ਮਾਮਲੇ ’ਚ ਵਿਰੋਧੀ ਧਿਰ ਵੱਲੋਂ ਵਰਤੀ ਜਾ ਰਹੀ ਭਾਸ਼ਾ ਠੀਕ ਨਹੀਂ ਹੈ। -ਪੀਟੀਆਈ
ਗਿਆਨੇਸ਼ ਵਾਅਦਾ ਮੁਆਫ਼ ਗਵਾਹ ਬਣਨ ਜਾਂ ਮੁਕੱਦਮੇ ਦਾ ਸਾਹਮਣਾ ਕਰਨ: ਕਾਂਗਰਸ
ਨਵੀਂ ਦਿੱਲੀ: ਬੀ ਐੱਲ ਓ ਐਪ ’ਚ ‘ਮਾਰਕ ਵੀ ਆਈ ਪੀ’ ਫੀਚਰ ਉਚੇਚੇ ਤੌਰ ’ਤੇ ਬਣਾਉਣ ਅਤੇ ਚੋਣ ਕਮਿਸ਼ਨ ’ਚ ਹੋਰ ਗੜਬੜੀਆਂ ਦੇ ਦੋਸ਼ ਲਾਉਂਦਿਆਂ ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਕਿਹਾ ਕਿ ਉਹ ਜਾਂ ਤਾਂ ਵਾਅਦਾ ਮੁਆਫ਼ ਗਵਾਹ ਬਣ ਜਾਣ ਜਾਂ ਫਿਰ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਚੋਣ ਕਮਿਸ਼ਨ ਨਾਲ ਜੁੜੇ ਸਾਰੇ ਘਟਨਾਕ੍ਰਮ ’ਤੇ ਨਜ਼ਰ ਹੋਵੇਗੀ ਅਤੇ ਉਹ ਸਹੀ ਸਮੇਂ ’ਤੇ ਸਹੀ ਕਦਮ ਚੁੱਕੇਗਾ। ਗਿਆਨੇਸ਼ ਵੱਲੋਂ ਐੱਸ ਆਈ ਆਰ ਸਮੇਤ ਹੋਰ ਲਏ ਗਏ ਫ਼ੈਸਲੇ ਕਾਨੂੰਨੀ ਤੌਰ ’ਤੇ ਰੱਦ ਹੋਣਗੇ। ਚੋਣ ਕਮਿਸ਼ਨ ਭਾਰਤੀ ਵੋਟਰਾਂ ਨੂੰ ਪਤਾ ਨਹੀਂ ਕਿਹੜੇ ਆਧਾਰ ’ਤੇ ਵੰਡ ਰਿਹਾ ਹੈ। ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। -ਪੀਟੀਆਈ

