ਜ਼ਿਲ੍ਹੇ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫ਼ੌਜੀ ਜਵਾਨ ਜਸਵਿੰਦਰ ਕੁਮਾਰ ਬੀਤੀ 17 ਮਈ ਤੋਂ ਭੇਦ ਭਰੇ ਹਾਲਾਤ ਵਿੱਚ ਗ਼ਾਇਬ ਹੈ । ਜਸਵਿੰਦਰ ਅੰਮ੍ਰਿਤਸਰ ਤੋਂ ਟ੍ਰੇਨ ’ਤੇ ਬੈਠਾ ਸੀ ਅਤੇ ਅਸਾਮ ਦੇ ਡਿਬਰੂਗੜ੍ਹ ਲਈ ਰਵਾਨਾ ਹੋਇਆ ਸੀ । ਉਸ ਦੀ ਯੂਨਿਟ ਡੋਗਰਾ ਰੈਜੀਮੈਂਟ ਨੂੰ ਜਾਣਕਾਰੀ ਮਿਲੀ ਕਿ ਆਖ਼ਰੀ ਵਾਰ ਉਹ ਡਿਬਰੂਗੜ੍ਹ ਰੇਲਵੇ ਸਟੇਸ਼ਨ ’ਤੇ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ।
ਇੱਧਰ ਉਸ ਦਾ ਪਰਿਵਾਰ ਸ਼ੱਕ ਜਤਾ ਰਿਹਾ ਹੈ ਕਿ ਜਸਵਿੰਦਰ ਨੂੰ ਕਿਸੇ ਵੱਲੋਂ ਅਗਵਾ ਕਰ ਲਿਆ ਗਿਆ ਹੈ ਕਿਉਂਕਿ ਉਸ ਦਾ ਫ਼ੋਨ ਇੱਕ ਦਿਨ 23 ਮਈ ਨੂੰ ਚੱਲਿਆ ਸੀ ਪਰ ਉਸ ’ਤੇ ਕੋਈ ਅਸਾਮ ਦਾ ਹੀ ਆਦਮੀ ਬੋਲ ਰਿਹਾ ਸੀ। ਜ਼ਾਹਰ ਤੌਰ ’ਤੇ ਜਸਵਿੰਦਰ ਦਾ ਫ਼ੋਨ ਕਿਸੇ ਹੋਰ ਦੇ ਹੱਥ ਲੱਗ ਚੁੱਕਿਆ ਹੈ ਅਤੇ ਹੁਣ ਉਹ ਬੰਦ ਆ ਰਿਹਾ ਹੈ। ਜਿਸ ਕੋਲ ਉਸ ਵੇਲੇ ਫ਼ੋਨ ਸੀ ਉਸ ਦਾ ਕਹਿਣਾ ਸੀ ਕਿ ਉਸ ਨੂੰ ਇਹ ਸਿੰਮ ਕਿਤੋਂ ਲੱਭੀ ਹੈ। ਉਸ ਤੋਂ ਬਾਅਦ ਮੁੜ ਤੋਂ ਫ਼ੋਨ ਬੰਦ ਹੋ ਗਿਆ ਹੈ।
ਹਾਲਾਂਕਿ ਪਰਿਵਾਰ ਨੂੰ ਇਹ ਵੀ ਪਤਾ ਹੈ ਕਿ ਉਸ ਦੀ ਯੂਨਿਟ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਪਰਿਵਾਰ ਦੀ ਮੰਗ ਹੈ ਕਿ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਏ । ਜਸਵਿੰਦਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਬਜ਼ੁਰਗ ਮਾਂ ਪੁੱਤਰ ਦੀ ਗੁੰਮਸ਼ੁਦਗੀ ਨੂੰ ਲੈ ਕੇ ਬੇਹੱਦ ਪਰੇਸ਼ਾਨ ਹੈ ।

