ਗੁਜਰਾਤ: ਫਾਰਮਾ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਦੋ ਮੌਤਾਂ, 20 ਜ਼ਖਮੀ
ਉਨ੍ਹਾਂ ਦੱਸਿਆ ਕਿ ਇਹ ਘਟਨਾ ਸੇਯਖਾ ਜੀ.ਆਈ.ਡੀ.ਸੀ. (Saykha GIDC) ਖੇਤਰ ਵਿੱਚ ਸਥਿਤ ਫੈਕਟਰੀ ਵਿੱਚ ਸਵੇਰੇ ਕਰੀਬ 2.30 ਵਜੇ ਵਾਪਰੀ।
ਭਰੂਚ ਦੇ ਜ਼ਿਲ੍ਹਾ ਕੁਲੈਕਟਰ ਗੌਰਾਂਗ ਮਾਕਵਾਨਾ ਨੇ ਕਿਹਾ, ‘‘ਫੈਕਟਰੀ ਦੇ ਅੰਦਰ ਇੱਕ ਸ਼ਕਤੀਸ਼ਾਲੀ ਬੁਆਇਲਰ ਧਮਾਕੇ ਨੇ ਭਿਆਨਕ ਅੱਗ ਲਾ ਦਿੱਤੀ,’’ ਉਨ੍ਹਾਂ ਅੱਗੇ ਕਿਹਾ ਕਿ ਬਾਅਦ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।
ਉਨ੍ਹਾਂ ਕਿਹਾ, ‘‘ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਫੈਕਟਰੀ ਦੀ ਇਮਾਰਤ ਢਹਿ ਗਈ। ਜਿੱਥੇ ਜ਼ਿਆਦਾਤਰ ਮਜ਼ਦੂਰ ਭੱਜਣ ਵਿੱਚ ਕਾਮਯਾਬ ਹੋ ਗਏ, ਉੱਥੇ ਦੋ ਮਜ਼ਦੂਰ ਫਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅੱਗ ਬੁਝਾਉਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਸ ਘਟਨਾ ਵਿੱਚ ਲਗਪਗ 20 ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।’’
ਮਾਕਵਾਨਾ ਨੇ ਕਿਹਾ ਕਿ ਫਾਇਰ ਬ੍ਰਿਗੇਡ, ਪੁਲੀਸ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਸਥਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀਆਂ ਹਨ ਕਿਉਂਕਿ ਕੁਝ ਮਜ਼ਦੂਰਾਂ ਨੇ ਦਾਅਵਾ ਕੀਤਾ ਕਿ ਇੱਕ ਵਿਅਕਤੀ ਲਾਪਤਾ ਹੋ ਗਿਆ ਸੀ ਅਤੇ ਧਮਾਕੇ ਤੋਂ ਬਾਅਦ ਸੰਭਾਵੀ ਤੌਰ ’ਤੇ ਇਮਾਰਤ ਦੇ ਅੰਦਰ ਫਸਿਆ ਹੋਇਆ ਸੀ।
