Gujarat lion attack: ਅਮਰੇਲੀ ’ਚ ਸ਼ੇਰ ਨੇ 21 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ
ਮੁਢਲੀ ਜਾਂਚ ’ਚ ਖੁਲਾਸਾ: ਜੰਗਲਾਤ ਵਿਭਾਗ ਨੇ ਸ਼ੇਰ ਨੂੰ ਕੀਤਾ ਕਾਬੂ
ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਅਤੇ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੁਵਾਰੀਆ ਰਿਜ਼ਰਵ ਫੋਰੈਸਟ ਦੇ ਨੇੜੇ ਪੈਂਦੇ ਅੰਤਾਲੀਆ ਮਾਲੀਆ ਖੇਤਰ ਵਿੱਚ ਇੱਕ ਬੱਬਰ ਸ਼ੇਰ (ਏਸ਼ੀਆਟਿਕ ਲਾਇਨ) ਨੇ 21 ਸਾਲਾ ਨੌਜਵਾਨ ’ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਅਮਰੇਲੀ ਦੇ ਰਹਿਣ ਵਾਲੇ ਸੋਹੇਲ ਮੁੰਜਾਵਰ ਵਜੋਂ ਹੋਈ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ।
ਡਿਪਟੀ ਕੰਜ਼ਰਵੇਟਰ ਆਫ਼ ਫੋਰੈਸਟ (DCF) ਚਿਰਾਗ ਅਮੀਨ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਸੋਹੇਲ ਅਤੇ ਉਸ ਦੇ ਦੋਸਤ ਜੰਗਲ ਦੇ ਨੇੜੇ ਇੱਕ ਸ਼ੇਰ ਅਤੇ ਸ਼ੇਰਨੀ ਦੇ ਜੋੜੇ ਨੂੰ ਤੰਗ ਕਰ ਰਿਹਾ ਸੀ। ਗੁੱਸੇ ਵਿੱਚ ਆ ਕੇ ਨਰ ਸ਼ੇਰ ਨੇ ਸੋਹੇਲ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਜੰਗਲਾਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਬਚਾਅ ਮੁਹਿੰਮ ਚਲਾਈ ਅਤੇ ਹਮਲਾ ਕਰਨ ਵਾਲੇ ਨਰ ਸ਼ੇਰ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਮੁਤਾਬਕ ਫੜੇ ਗਏ ਸ਼ੇਰ ਦੀ ਉਮਰ ਤਕਰੀਬਨ 9 ਤੋਂ 12 ਸਾਲ ਦੇ ਵਿਚਕਾਰ ਹੈ। ਦੂਜੇ ਪਾਸੇ, ਪੁਲੀਸ ਅਤੇ ਜੰਗਲਾਤ ਵਿਭਾਗ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
