ਅਹਿਮਦਾਬਾਦ, 4 ਦਸੰਬਰ
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ ਲਈ ਉੱਤਰੀ ਅਤੇ ਮੱਧ ਜ਼ਿਲ੍ਹਿਆਂ ‘ਚ ਪੈਂਦੀਆਂ 93 ਸੀਟਾਂ ਲਈ ਭਲਕੇ ਵੋਟਾਂ ਪੈਣਗੀਆਂ। ਦੂਜੇ ਗੇੜ ਦੀਆਂ ਚੋਣਾਂ ‘ਚ 833 ਉਮੀਦਵਾਰ ਮੈਦਾਨ ‘ਚ ਹਨ। ਇਨ੍ਹਾਂ ‘ਚੋਂ 285 ਉਮੀਦਵਾਰ ਆਜ਼ਾਦ ਵਜੋਂ ਚੋਣ ਲੜ ਰਹੇ ਹਨ। ਇਹ ਸੀਟਾਂ ਅਹਿਮਦਾਬਾਦ, ਵਡੋਦਰਾ, ਗਾਂਧੀਨਗਰ ਅਤੇ ਹੋਰ ਜ਼ਿਲ੍ਹਿਆਂ ‘ਚ ਪੈਂਦੀਆਂ ਹਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਹੁਕਮਰਾਨ ਭਾਜਪਾ ਨੇ ਇਨ੍ਹਾਂ ‘ਚੋਂ 51 ਅਤੇ ਕਾਂਗਰਸ ਨੇ 39 ਸੀਟਾਂ ਜਿੱਤੀਆਂ ਸਨ ਜਦਕਿ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ‘ਚ ਗਈਆਂ ਸਨ। ਮੱਧ ਗੁਜਰਾਤ ‘ਚ ਭਾਜਪਾ ਨੇ 37 ਅਤੇ ਕਾਂਗਰਸ ਨੇ 22 ਸੀਟਾਂ ਹਾਸਲ ਕੀਤੀਆਂ ਸਨ ਪਰ ਉੱਤਰੀ ਗੁਜਰਾਤ ‘ਚ ਕਾਂਗਰਸ ਨੂੰ 17 ਅਤੇ ਭਗਵਾ ਪਾਰਟੀ ਨੂੰ 14 ਸੀਟਾਂ ਮਿਲੀਆਂ ਸਨ। ਦੂਜੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਸ਼ਨਿਚਰਵਾਰ ਸ਼ਾਮ ਬੰਦ ਹੋ ਗਿਆ ਸੀ। ਪਹਿਲੇ ਗੇੜ ‘ਚ ਸੌਰਾਸ਼ਟਰ, ਕੱਛ ਅਤੇ ਦੱਖਣੀ ਗੁਜਰਾਤ ਖ਼ਿੱਤਿਆਂ ‘ਚ 89 ਸੀਟਾਂ ‘ਤੇ ਔਸਤਨ 63.31 ਫ਼ੀਸਦ ਵੋਟਿੰਗ ਦਰਜ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਅਤੇ 2 ਦਸੰਬਰ ਨੂੰ ਅਹਿਮਦਾਬਾਦ ‘ਚ ਰੋਡ ਸ਼ੋਅ ਕੱਢਣ ਸਮੇਤ ਹੋਰ ਥਾਵਾਂ ‘ਤੇ ਭਾਜਪਾ ਉਮੀਦਵਾਰਾਂ ਲਈ ਤਾਬੜਤੋੜ ਪ੍ਰਚਾਰ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਢੋਲਕਾ, ਮਹੂਦਾ ਅਤੇ ਖੰਬਾਟ ‘ਚ ਪ੍ਰਚਾਰ ਕੀਤਾ ਜਦਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮੋਦਾਸਾ ਅਤੇ ਸਿੱਧਪੁਰ ‘ਚ ਰੋਡ ਸ਼ੋਅ ਕੱਢੇ ਸਨ। ਉਧਰ ‘ਆਪ’ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੂਜੇ ਗੇੜ ਦੀਆਂ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੇ ਪੱਖ ‘ਚ ਰੋਡ ਸ਼ੋਅ ਕੱਢੇ ਸਨ। ਇਸ ਗੇੜ ‘ਚ 2.51 ਕਰੋੜ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੇ ਯੋਗ ਹਨ। ਚੋਣ ਕਮਿਸ਼ਨ ਨੇ 14,975 ਪੋਲਿੰਗ ਸਟੇਸ਼ਨ ਬਣਾਏ ਹਨ ਜਿਨ੍ਹਾਂ ‘ਚ 1.13 ਲੱਖ ਅਮਲਾ ਤਾਇਨਾਤ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਗੁਜਰਾਤ ਚੋਣਾਂ ਦੇ ਪਹਿਲੇ ਗੇੜ ਲਈ ਇੱਕ ਦਸੰਬਰ ਨੂੰ ਵੋਟਾਂ ਪਈਆਂ ਸਨ। ਇਸ ਦੌਰਾਨ ਪੋਲਿੰਗ ਫੀਸਦ 63.14 ਰਹੀ ਸੀ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਅਹਿਮਦਾਬਾਦ ਵਿੱਚ ਪਾਉਣਗੇ ਵੋਟ
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਗੁਜਰਾਤ ਅਸੈਂਬਲੀ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਦੌਰਾਨ ਅਹਿਮਾਦਾਬਾਦ ਵਿੱਚ ਆਪਣੀ ਵੋਟ ਪਾਉਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮੀਂ ਅਹਿਮਦਾਬਾਦ ਪੁੱਜ ਗਏ ਹਨ। ਉਹ ਸੋਮਵਾਰ ਸਵੇਰੇ ਅਹਿਮਦਾਬਾਦ ਸ਼ਹਿਰ ਦੇ ਰਾਨਿਪ ਇਲਾਕੇ ਵਿਚਲੇ ਹਾਈ ਸਕੂਲ ਵਿੱਚ ਬਣੇ ਪੋਲਿੰਗ ਬੂਥ ‘ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਉਧਰ ਅਮਿਤ ਸ਼ਾਹ ਸ਼ਹਿਰ ਦੇ ਨਾਰਨਪੁਰਾ ਇਲਾਕੇ ਵਿੱਚ ਮਿਉਂਸਿਪਲ ਸਬ-ਜ਼ੋਨਲ ਦਫ਼ਤਰ ਵਿੱਚ ਆਪਣੀ ਪੋਟ ਪਾਉਣਗੇ। ਅੱਜ ਸ਼ਾਮੀਂ ਅਹਿਮਦਾਬਾਦ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਦੇ ਰਾਇਸਨ ਇਲਾਕੇ ਵਿੱਚ ਰਹਿੰਦੀ ਆਪਣੀ ਮਾਂ ਹੀਰਾਬਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਮਗਰੋਂ ਉਹ ਗਾਂਧੀਨਗਰ ਵਿੱਚ ਭਾਜਪਾ ਹੈੱਡਕੁਆਰਟਰ ‘ਤੇ ਵੀ ਗਏ। -ਪੀਟੀਆਈ
ਜ਼ਿਮਨੀ ਚੋਣਾਂ: ਯੂਪੀ, ਛੱਤੀਸਗੜ੍ਹ, ਬਿਹਾਰ ਅਤੇ ਉੜੀਸਾ ‘ਚ ਵੋਟਾਂ ਅੱਜ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਮੈਨਪੁਰੀ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ਰਾਮਪੁਰ ਸਦਰ ਤੇ ਖਤੌਲੀ ‘ਚ ਭਲਕੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਭਾਨੂਪ੍ਰਤਾਪਪੁਰ ਤੇ ਉੜੀਸਾ ਦੇ ਪਦਮਪੁਰ ਹਲਕੇ ਲਈ ਵੀ ਸੋਮਵਾਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ ਦੇ ਨਤੀਜੇ ਵੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ 8 ਦਸੰਬਰ ਨੂੰ ਐਲਾਨੇ ਜਾਣਗੇ। ਯੂਪੀ ਦੀਆਂ ਸੀਟਾਂ ‘ਤੇ ਮੁੱਖ ਮੁਕਾਬਲਾ ਭਾਜਪਾ ਤੇ ਸਪਾ-ਆਰਐਲਡੀ ਗੱਠਜੋੜ ਦਰਮਿਆਨ ਹੈ। -ਪੀਟੀਆਈ