ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ : The Tribune India

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਅਹਿਮਦਾਬਾਦ, 5 ਦਸੰਬਰ

ਗੁਜਰਾਤ ਅਸੈਂਬਲੀ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਿਆ। ਦੂਜੇ ਗੇੜ ਵਿੱਚ ਗੁਜਰਾਤ ਦੇ ਕੇਂਦਰੀ ਤੇ ਉੱਤਰੀ ਖਿੱਤੇ ਵਿੱਚ ਪੈਂਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਦੂਜੇ ਗੇੜ ਲਈ 61 ਸਿਆਸੀ ਪਾਰਟੀਆਂ ਦੇ ਕੁੱਲ 833 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਭਾਜਪਾ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਸ਼ਾਮਲ ਹਨ। ਇਹ 93 ਹਲਕੇ ਅਹਿਮਦਾਬਾਦ, ਵਡੋਦਰਾ, ਗਾਂਧੀਨਗਰ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਪੈਂਦੇ ਹਨ। ਸੌਰਾਸ਼ਟਰ, ਕੱਛ ਤੇ ਦੱਖਣੀ ਗੁਜਰਾਤ ਵਿੱਚ ਪੈਂਦੀਆਂ 89 ਸੀਟਾਂ ਲਈ ਪਹਿਲ ਗੇੜ ਤਹਿਤ ਵੋਟਿੰਗ 1 ਦਸੰਬਰ ਨੂੰ ਹੋਈ ਸੀ ਤੇ ਇਸ ਦੌਰਾਨ ਕੁੱਲ ਮਿਲਾ ਕੇ 63.31 ਫੀਸਦ ਪੋਲਿੰਗ ਦਰਜ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਪਾਉਦ ਮਗਰੋਂ ਉਂਗਲ ’ਤੇ ਲੱਗੀ ਸ਼ਿਆਹੀ ਵਿਖਾਉਂਦੇ ਹੋਏ। ਫੋਟੋ: ਪੀਟੀਆਈ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਸ਼ਹਿਰ ਦੇ ਰਨਿਪ ਇਲਾਕੇ ਵਿਚਲੇ ਨਿਸ਼ਾਨ ਹਾਈ ਸਕੂਲ ਵਿਚ ਬਣੇ ਪੋਲਿੰਗ ਬੂਥ ’ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਸ੍ਰੀ ਮੋਦੀ ਨੇ ਕਤਾਰ ਵਿੱਚ ਖੜ੍ਹ ਕੇ ਵੋਟ ਪਾਈ। ਵੋਟ ਪਾਉਣ ਮਗਰੋਂ ਪੋਲਿੰਗ ਬੂਥ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਲੋਕ ਸਾਰਿਆਂ ਦੀ ਸੁਣਦੇ ਹਨ, ਪਰ ਸਿਰਫ਼ ਸੱਚ ਨੂੰ ਸਵੀਕਾਰ ਕਰਨਾ ਹੀ ਉਨ੍ਹਾਂ ਦਾ ਸੁਭਾਅ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ‘ਸ਼ਾਨਦਾਰ ਤਰੀਕੇ’ ਨਾਲ ਚੋਣਾਂ ਕਰਵਾਉਣ ਤੇ ਭਾਰਤ ਜਮਹੂਰੀਅਤ ਦੀ ਸਾਖ਼ ਨੂੰ ਕੁੱਲ ਆਲਮ ਵਿੱਚ ਉੱਚਾ ਚੁੱਕਣ ਲਈ ਵਧਾਈ ਦਿੱਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਸ੍ਰੀ ਮੋਦੀ ਨੇ ਟਵੀਟ ਕਰਕੇ ਲੋਕਾਂ ਖਾਸ ਕਰ ਕੇ ਨੌਜਵਾਨਾਂ ਤੇ ਮਹਿਲਾ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਆਪਣੇ ਇਸ ਜਮਹੂਰੀ ਹੱਕ ਦੀ ਵਰਤੋਂ ਕਰਨ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All