ਗੁਜਰਾਤ ATS ਵੱਲੋਂ ਗ੍ਰੇਨੇਡ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਕਾਬੂ
ਪਾਕਿਸਤਾਨ ਨਾਲ ਜੁੜੇ ਗੈਂਗ ਲਈ ਤਸਕਰੀ ਕਰਨ ਦਾ ਦਾਅਵਾ
ਗੁਜਰਾਤ ਅਤਿਵਾਦ ਵਿਰੋਧੀ ਦਸਤੇ (ATS) ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪੰਜਾਬ ਪੁਲੀਸ ਨੂੰ ਪਾਕਿਸਤਾਨ-ਅਧਾਰਤ ਅਤਿਵਾਦੀ ਨੈੱਟਵਰਕਾਂ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਇੱਕ ਗੈਂਗ ਲਈ ਹਥਿਆਰਾਂ ਦੀ ਤਸਕਰੀ ਅਤੇ ਦੇਸ਼ ਵਿੱਚ ਗ੍ਰੇਨੇਡ ਹਮਲੇ ਕਰਨ ਦੇ ਕਥਿਤ ਦੋਸ਼ਾਂ ਵਿੱਚ ਭਾਲ ਸੀ।
ਏ.ਟੀ.ਐੱਸ. ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਿੱਲਾ ਨੂੰ ਪੰਜਾਬ ਪੁਲੀਸ ਵੱਲੋਂ ਸਾਂਝੀ ਕੀਤੀ ਗਈ ਖਾਸ ਜਾਣਕਾਰੀ ਦੇ ਆਧਾਰ ’ਤੇ ਪੰਚਮਹਿਲ ਜ਼ਿਲ੍ਹੇ ਦੇ ਹਲੋਲ ਕਸਬੇ ਤੋਂ ਕਾਬੂ ਕੀਤਾ ਗਿਆ ਹੈ।
ਬਿਆਨ ਵਿੱਚ ਕਿਹਾ ਗਿਆ, “ ਉਸਨੂੰ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਹਾਲ ਹੀ ਵਿੱਚ, ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਪੁਲੀਸ ਨੇ ਸਰਹੱਦ ਪਾਰ ਤੋਂ ਕੰਮ ਕਰ ਰਹੇ ਅਤਿਵਾਦੀ ਨੈੱਟਵਰਕਾਂ ਦੀ ਮਦਦ ਕਰਨ ਅਤੇ ਗ੍ਰੇਨੇਡ ਤਸਕਰੀ ਤੇ ਧਮਾਕਾ ਕਰਨ ਲਈ ਕੁਝ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।”
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਮਾਮਲੇ ਦੇ ਮੁੱਖ ਮੁਲਜ਼ਮ, ਮਨੂੰ ਅਗਵਾਨ ਅਤੇ ਮਨਿੰਦਰ ਬਿੱਲਾ, ਜੋ ਇਸ ਸਮੇਂ ਮਲੇਸ਼ੀਆ ਵਿੱਚ ਹਨ, ਪਾਕਿਸਤਾਨ ਦੀ ਆਈ.ਐੱਸ.ਆਈ. (ISI) ਦੇ ਹੈਂਡਲਰਾਂ ਦੇ ਇਸ਼ਾਰੇ ’ਤੇ ਪੰਜਾਬ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਅਤੇ ਹੋਰ ਸੂਬਿਆਂ ਵਿੱਚ ਦਹਿਸ਼ਤ ਫੈਲਾਉਣ ਲਈ ਗ੍ਰੇਨੇਡ ਹਮਲੇ ਕਰਨ ਲਈ ਪੰਜਾਬ ਵਿੱਚ ਸਾਥੀਆਂ ਦੀ ਭਰਤੀ ਕਰ ਰਹੇ ਸਨ।
ਪੰਜਾਬ ਪੁਲੀਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਦੋ ਹੋਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਅਤਿਵਾਦੀ ਹਮਲੇ ਦੀ ਸਾਜ਼ਿਸ਼ ਤਹਿਤ ਦੋ ਗ੍ਰੇਨੇਡ ਅਤੇ ਦੋ ਪਿਸਤੌਲ ਦੀ ਤਸਕਰੀ ਕਰਨ ਵਿੱਚ ਸਿੰਘ ਦੀ ਭੂਮਿਕਾ ਬਾਰੇ ਜਾਣਿਆ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲੀਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ, ਏ.ਟੀ.ਐੱਸ. ਦੀ ਟੀਮ ਹਲੋਲ ਪਹੁੰਚੀ ਅਤੇ ਪਤਾ ਲੱਗਾ ਕਿ ਸਿੰਘ ਨੇ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੂੰ ਇੱਕ ਹੋਟਲ ਤੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਅੱਗੇ ਦੀ ਪੁੱਛਗਿੱਛ ਲਈ ਇੱਥੇ ਲਿਆਂਦਾ ਗਿਆ। ਸਿੰਘ ਨੇ ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਨੂੰ ਕਬੂਲ ਕੀਤਾ।

