ਅਹਿਮਦਾਬਾਦ, 8 ਦਸੰਬਰ
ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਤਰੀ ਰਾਜ ਗੁਜਰਾਤ ਵਿਚ ਲਗਾਤਾਰ ਸੱਤਵੀਂ ਵਾਰ ਚੋਣਾਂ ਜਿੱਤ ਕੇ ਨਵਾਂ ਰਿਕਾਰਡ ਸਿਰਜ ਦਿੱਤਾ ਹੈ। ਭਾਜਪਾ ਨੇ ਗੁਜਰਾਤ ਅਸੈਂਬਲੀ ਦੇ 182 ਮੈਂਬਰੀ ਸਦਨ ਵਿੱਚ 156 ਸੀਟਾਂ ਜਿੱਤੀਆਂ ਹਨ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ 13 ਫੀਸਦ ਵੋਟ ਸ਼ੇਅਰ ਨਾਲ ਭਾਵੇਂ ਪੰਜ ਸੀਟਾਂ ਹੀ ਜਿੱਤ ਸਕੀ, ਪਰ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਜ਼ਰੂਰ ਮਿਲ ਗਿਆ। ਕਾਂਗਰਸ ਦੇ ਹਿੱਸੇ 17 ਸੀਟਾਂ ਆਈਆਂ ਤੇ ਆਜ਼ਾਦ ਤੇ ਹੋਰ 4 ਸੀਟਾਂ ‘ਤੇ ਜੇਤੂ ਰਹੇ। ਭਾਜਪਾ ਦਾ ਵੋਟ ਸ਼ੇਅਰ 53 ਫੀਸਦ ਦੇ ਕਰੀਬ ਰਿਹਾ, ਜੋ ਪੱਛਮੀ ਸੂਬੇ ਵਿੱਚ ਕਿਸੇ ਪਾਰਟੀ ਵੱਲੋਂ ਦਰਜ ਸਿਖਰਲਾ ਅੰਕੜਾ ਹੈ। ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ.ਪਾਟਿਲ ਨੇ ਕਿਹਾ ਕਿ ਭੁਪੇਂਦਰ ਪਟੇਲ ਸੂਬੇ ਦੇ ਮੁੱਖ ਮੰਤਰੀ ਬਣੇ ਰਹਿਣਗੇ ਤੇ ਉਨ੍ਹਾਂ ਦਾ ਹਲਫ਼ਦਾਰੀ ਸਮਾਗਮ 12 ਦਸੰਬਰ ਨੂੰ ਹੋਵੇਗਾ। ਪਟੇਲ ਨੇ ਅਹਿਮਦਾਬਾਦ ਦੀ ਘਾਟਲੋਡੀਆ ਸੀਟ 1.92 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ।