ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਖ ਸ਼ਰਧਾਲੂਆਂ ਦਾ ਜਥਾ ਵਤਨ ਪੁੱਜਾ

ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰੂਧਾਮਾਂ ਵਿਖੇ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਦਸ ਦਿਨਾਂ ਬਾਅਦ ਭਾਰਤ ਮੁੜ ਆਇਆ ਹੈ। ਲਗਭਗ 1900 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਇਹ ਜਥਾ ਅੱਜ ਵਾਹਗਾ-ਅਟਾਰੀ ਸਰਹੱਦ ਰਸਤਿਓਂ ਵਾਪਸ...
ਗੁਰਪੁਰਬ ਮਨਾਉਣ ਮਗਰੋਂ ਪਾਕਿਸਤਾਨ ਤੋਂ ਵਤਨ ਪਰਤੇ ਸਿੱਖ ਸ਼ਰਧਾਲੂ। -ਫੋਟੋ: ਵਿਸ਼ਾਲ ਕੁਮਾਰ
Advertisement

ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰੂਧਾਮਾਂ ਵਿਖੇ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਦਸ ਦਿਨਾਂ ਬਾਅਦ ਭਾਰਤ ਮੁੜ ਆਇਆ ਹੈ।

ਲਗਭਗ 1900 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਇਹ ਜਥਾ ਅੱਜ ਵਾਹਗਾ-ਅਟਾਰੀ ਸਰਹੱਦ ਰਸਤਿਓਂ ਵਾਪਸ ਪੁੱਜਾ ਹੈ ਜਿਨ੍ਹਾਂ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਨੇ ਇੱਥੇ ਆਈ ਸੀ ਪੀ ਅਟਾਰੀ ਵਿਖੇ ਲੰਗਰ ਦਾ ਪ੍ਰਬੰਧ ਕੀਤਾ ਸੀ। ਸਿੱਖ ਸ਼ਰਧਾਲੂਆਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਸੀ। ਇਸ ਮਗਰੋਂ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰ ਕੇ ਆਏ ਹਨ। ਪ੍ਰਬੰਧਕਾਂ ਅਤੇ ਸ਼ਰਧਾਲੂਆਂ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ ਜਥੇ ਵਾਸਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਇਸ ਦੌਰਾਨ, ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਪਹਿਲਾਂ ਹੀ ਭਾਰਤ ਭੇਜ ਦਿੱਤੀ ਗਈ ਸੀ।

Advertisement

 

ਡੇਹਰਾ ਸਾਹਿਬ ਨੇੜੇ ਸੂਫੀ ਸਮਾਗਮ ਤੋਂ ਵਿਵਾਦ

ਚੰਡੀਗੜ੍ਹ (ਜੀ ਐੱਸ ਪਾਲ): ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਨੇੜੇ ਕਥਿਤ ਤੌਰ ’ਤੇ ਬੀਤੇ ਦਿਨ ਕਰਵਾਏ ਗਏ ਸੱਭਿਆਚਾਰਕ ਸਮਾਗਮ ਕਾਰਨ ਵਿਵਾਦ ਛਿੜ ਗਿਆ ਹੈ। ਗੁਰੂ ਨਾਨਕ ਦੇਵ ਦਾ 556ਵਾਂ ਪ੍ਰਕਾਸ਼ ਪੁਰਬ ਮਨਾਉਣ ਮਗਰੋਂ ਸਿੱਖ ਜਥੇ ਦੇ ਪਾਕਿਸਤਾਨ ਤੋਂ ਵਾਪਸ ਆਉਣ ਦੀਆਂ ਤਿਆਰੀਆਂ ਦੌਰਾਨ ਇਹ ਘਟਨਕ੍ਰਮ ਵਾਪਰਿਆ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਫ਼ ਬੋਰਡ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਥਿਤ ਤੌਰ ’ਤੇ ਸੂਫੀ ਸਮਾਗਮ ਕਰਵਾਇਆ ਗਿਆ ਸੀ। ਆਲੋਚਕਾਂ ਨੇ ਤਰਕ ਦਿੱਤਾ ਹੈ ਕਿ ਗੁਰੂ ਅਰਜਨ ਦੇਵ ਦੇ ਸ਼ਹੀਦੀ ਸਥਾਨ ਨੇੜੇ ਅਜਿਹੇ ਸਮਾਗਮ ਕਰਾਉਣਾ ਸਿੱਖ ਮਰਯਾਦਾ ਤੇ ਸਥਾਨ ਦੀ ਪਵਿੱਤਰਤਾ ਦੀ ਉਲੰਘਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਇਹ ਸਮਾਗਮ ਲਾਹੌਰ ਵਿੱਚ ਧਾਰਮਿਕ ਸਥਾਨ ਦੇ ਕੰਪਲੈਕਸ ਅੰਦਰ ਕਰਵਾਇਆ ਗਿਆ ਸੀ ਤਾਂ ਇਹ ਅਤਿ ਇਤਰਾਜ਼ਯੋਗ ਹੈ; ਇਸ ਤੋਂ ਇਲਾਵਾ ਪਾਕਿਸਤਾਨੀ ਅਧਿਕਾਰੀਆਂ ਨੂੰ ਗੁਰਪੁਰਬਾਂ ਦੌਰਾਨ ਸਿਰਫ ਧਾਰਮਿਕ ਸਮਾਗਮਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜੋ ਜਥੇ ਦਾ ਹਿੱਸਾ ਸਨ, ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਬਾਰੇ ਪਤਾ ਨਹੀਂ ਸੀ। ਦੱਸਣਾ ਬਣਦਾ ਹੈ ਕਿ 2022 ਵਿੱਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ‘ਜਸ਼ਨ-ਏ-ਬਹਾਰ’ ਨਾਂ ਹੇਠ ਸੰਗੀਤਕ ਸਮਾਗਮ ਦੀ ਯੋਜਨਾ ਬਣਾਈ ਗਈ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਦਖਲ ਤੋਂ ਬਾਅਦ ਰੋਕ ਦਿੱਤਾ ਗਿਆ ਸੀ।

ਗੁਰਦੁਆਰੇ ਤੋਂ ਦੂਰ ਸੀ ਸਮਾਗਮ: ਅਰੋੜਾ

ਪਾਕਿਸਤਾਨੀ ਪੰਜਾਬ ਵਿੱਚ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਨੂੰ ਬੇਲੋੜਾ ਤੂਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਡੀਓ ਸੁਨੇਹੇ ਵਿੱਚ ਸਪੱਸ਼ਟ ਕੀਤਾ ਕਿ ਇਹ ਸਮਾਗਮ ਸਿੱਖ ਸ਼ਰਧਾਲੂਆਂ ਦੇ ਸਨਮਾਨ ’ਚ ‘ਸੂਫ਼ੀ ਨਾਈਟ’ ਸੀ ਅਤੇ ਇਹ ਗੁਰਦੁਆਰੇ ਦੇ ਅਹਾਤੇ ਤੋਂ ਦੂਰ, ਹਜ਼ੂਰੀ ਬਾਗ ਵਿੱਚ ਕਰਵਾਇਆ ਗਿਆ ਸੀ। ਇਹ ਥਾਂ ਮਸਜਿਦ ਕੰਪਲੈਕਸ ਦਾ ਹਿੱਸਾ ਹੈ।

Advertisement
Show comments