ਫ਼ਸਲੀ ਖ਼ਰੀਦ ਦੀ ਨਿਗਰਾਨੀ ਲਈ ਚਾਰ ਵਜ਼ੀਰਾਂ ਦਾ ਗਰੁੱਪ ਕਾਇਮ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੂਨ
ਪੰਜਾਬ ਸਰਕਾਰ ਨੇ ਸੂਬੇ ਵਿੱਚ ਫ਼ਸਲੀ ਖ਼ਰੀਦ ਦੇ ਪ੍ਰਬੰਧਾਂ ਦੀ ਨਿਗਰਾਨੀ ਲਈ ‘ਗਰੁੱਪ ਆਫ਼ ਮਨਿਸਟਰਜ਼’ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ। ‘ਗਰੁੱਪ ਆਫ਼ ਮਨਿਸਟਰਜ਼’ ਵਿੱਚ ਖ਼ੁਰਾਕ ਤੇ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੈਂਬਰ ਹੋਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ‘ਗਰੁੱਪ ਆਫ਼ ਮਨਿਸਟਰਜ਼’ ਦੀ ਪਹਿਲੀ ਮੀਟਿੰਗ ਭਲਕੇ ਸੋਮਵਾਰ ਨੂੰ ਤਿੰਨ ਵਜੇ ਪੰਜਾਬ ਭਵਨ ਵਿੱਚ ਹੋ ਰਹੀ ਹੈ। ਪਹਿਲੀ ਮੀਟਿੰਗ ਵਿੱਚ ਝੋਨੇ ਦੀ ਫ਼ਸਲ ਦੀ ਖ਼ਰੀਦ ਦੇ ਇੰਤਜ਼ਾਮਾਂ ’ਤੇ ਚਰਚਾ ਹੋਣੀ ਹੈ। ਪੰਜਾਬ ਵਿੱਚ ਅਨਾਜ ਭੰਡਾਰਨ ਅਤੇ ਸੂਬੇ ’ਚੋਂ ਪੁਰਾਣੇ ਅਨਾਜ ਦੀ ਮੂਵਮੈਂਟ ਨੂੰ ਲੈ ਕੇ ਅਗਾਊਂ ਪ੍ਰਬੰਧ ਕੀਤੇ ਜਾਣੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਡੇਢ ਕੁ ਸਾਲ ਬਾਕੀ ਰਹਿ ਗਿਆ ਹੈ ਤੇ ਪੰਜਾਬ ਸਰਕਾਰ ਆਉਂਦੀਆਂ ਫ਼ਸਲਾਂ ਦੀ ਖ਼ਰੀਦ ਤੇ ਚੁਕਾਈ ਵਿੱਚ ਕੋਈ ਸਮੱਸਿਆ ਨਹੀਂ ਆਉਣ ਦੇਣਾ ਚਾਹੁੰਦੀ ਹੈ। ਸਰਕਾਰ ਨੇ ਖ਼ਰੀਦ ਪ੍ਰਬੰਧਾਂ ਦੇ ਅਗਾਊਂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ। ਮੰਡੀਆਂ ਵਿੱਚ ਕਿਸਾਨਾਂ ਦੀ ਕੋਈ ਖੱਜਲ-ਖੁਆਰੀ ਨਾ ਹੋਣ ਦੇਣ ਅਤੇ ਸਮੇਂ ਸਿਰ ਫ਼ਸਲੀ ਖ਼ਰੀਦ ਤੋਂ ਇਲਾਵਾ ਫ਼ਸਲ ਦੀ ਮੰਡੀਆਂ ’ਚੋਂ ਚੁਕਾਈ ਯਕੀਨੀ ਬਣਾਉਣ ਲਈ ਵਜ਼ੀਰਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸੂਬੇ ਵਿਚ ਖ਼ਰੀਦ ਪ੍ਰਬੰਧਾਂ ਦੀ ਸਮੁੱਚੀ ਜ਼ਿੰਮੇਵਾਰੀ ਖ਼ੁਰਾਕ ਤੇ ਸਪਲਾਈਜ਼ ਮੰਤਰੀ ਦੀ ਰਹੀ ਹੈ ਅਤੇ ਖਰੀਦ ਸੀਜ਼ਨ ਦੌਰਾਨ ਆਈਏਐੱਸ ਅਧਿਕਾਰੀਆਂ ਦੀ ਜ਼ਿਲ੍ਹਿਆਂ ਵਿੱਚ ਤਾਇਨਾਤੀ ਕੀਤੀ ਜਾਂਦੀ ਰਹੀ ਹੈ।