ਨਵੀਂ ਦਿੱਲੀ, 28 ਜੁਲਾਈ
ਕੇਂਦਰ ਸਰਕਾਰ ਖ਼ਿਲਾਫ਼ ਸੁਰ ਤੇਜ਼ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਉਹ ਸੰਸਦ ’ਚ ਵਿਰੋਧੀ ਧਿਰ ਦੀ ਆਵਾਜ਼ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਕ ਦੇ ਲੋਕਾਂ ਖ਼ਿਲਾਫ਼ ਪੈਗਾਸਸ ਹਥਿਆਰ ਦੀ ਵਰਤੋਂ ਕੀਤੀ ਹੈ। ਕਾਂਗਰਸ ਆਗੂ ਦਾ ਇਹ ਬਿਆਨ 14 ਵਿਰੋਧੀ ਧਿਰਾਂ ਦੀ ਬੈਠਕ ਮਗਰੋਂ ਆਇਆ ਜਿਸ ’ਚ ਸਰਕਾਰ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਪੈਗਾਸਸ ਜਾਸੂਸੀ ਕਾਂਡ ਬਾਰੇ ਉਸ ਨੂੰ ਸੰਸਦ ’ਚ ਘੇਰਨ ਦੀ ਰਣਨੀਤੀ ਬਣਾਈ ਗਈ। ਵਿਰੋਧੀ ਧਿਰਾਂ ਦੇ ਆਗੂਆਂ ਨੇ ਅੱਜ ਰਣਨੀਤੀ ਬਣਾਉਂਦਿਆਂ ਸੰਸਦ ਦੇ ਦੋਵੇਂ ਸਦਨਾਂ ’ਚ ਕੰਮ ਰੋਕੂ ਮਤੇ ਪੇਸ਼ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਹਾਜ਼ਰੀ ’ਚ ਬਹਿਸ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਸੂਸੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਤ੍ਰਿਣਮੂਲ ਕਾਂਗਰਸ ਇਸ ਮੀਟਿੰਗ ’ਚ ਹਾਜ਼ਰ ਨਹੀਂ ਸੀ। ਇਹ ਮੀਟਿੰਗ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੇ ਚੈਂਬਰ ’ਚ ਹੋਈ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ,‘‘ਇਥੇ ਪੂਰੀ ਵਿਰੋਧੀ ਧਿਰ ਹੈ। ਸਾਡੀ
ਆਵਾਜ਼ ਨੂੰ ਸੰਸਦ ’ਚ ਦਬਾਇਆ ਜਾ ਰਿਹਾ ਹੈ। ਅਸੀਂ ਤਾਂ ਸਿਰਫ਼ ਇਹ ਪੁੱਛ ਰਹੇ ਹਾਂ ਕਿ ਕੀ ਪੈਗਾਸਸ ਸਾਫ਼ਟਵੇਅਰ ਖ਼ਰੀਦਿਆ ਗਿਆ ਸੀ ਅਤੇ ਕੀ ਇਸ ਦੀ ਵਰਤੋਂ ਮੁਲਕ ਦੇ ਕੁਝ ਖਾਸ ਲੋਕਾਂ ਖ਼ਿਲਾਫ਼ ਕੀਤੀ ਗਈ ਸੀ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਕਿ ਇਸ ਮੁੱਦੇ ’ਤੇ ਕੋਈ ਚਰਚਾ ਨਹੀਂ ਹੋਵੇਗੀ। ‘ਸਦਨ ’ਚ ਇਸ ਮੁੱਦੇ ’ਤੇ ਅਸੀਂ ਬਹਿਸ ਕਿਉਂ ਨਹੀਂ ਕਰ ਸਕਦੇ ਹਾਂ? ਨਰਿੰਦਰ ਮੋਦੀ ਨੇ ਹਥਿਆਰ ਖ਼ਰੀਦਿਆ ਅਤੇ ਉਹ ਸਾਡੇ ਫੋਨਾਂ ਦੀ ਜਾਸੂਸੀ ਕਰਵਾ ਰਹੇ ਹਨ। ਸਰਕਾਰ ਬਹਿਸ ਤੋਂ ਭੱਜ ਰਹੀ ਹੈ।’ ਬੈਠਕ ਦੌਰਾਨ ਰਾਹੁਲ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ’ਤੇ ਸੰਸਦ ’ਚ ਅੜਿੱਕੇ ਪਾਉਣ ਦਾ ਦੋਸ਼ ਲਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਪੈਗਾਸਸ ਮੁੱਦੇ ’ਤੇ ਬਹਿਸ ਲਈ ਇਕਜੁੱਟ ਹੈ। ਉਨ੍ਹਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ’ਤੇ ਦੋਸ਼ ਲਾਇਆ ਕਿ ਉਹ ਸੰਸਥਾਵਾਂ ਦੀ ਜਾਸੂਸੀ ਕਰਵਾ ਕੇ ਲੋਕਤੰਤਰ ਦੀ ਆਤਮਾ ਨੂੰ ਠੇਸ ਪਹੁੰਚਾ ਰਹੇ ਹਨ। ‘ਪੈਗਾਸਸ ਜਾਸੂਸੀ ਕਾਂਡ ਸਾਡੇ ਲਈ ਰਾਸ਼ਟਰਵਾਦ ਦਾ ਮੁੱਦਾ ਹੈ ਨਾ ਕਿ ਦੇਸ਼ਧ੍ਰੋਹ ਦਾ। ਇਹ ਨਿੱਜਤਾ ਦਾ ਮਾਮਲਾ ਨਹੀਂ ਹੈ। ਮੇਰੇ ਲਈ ਇਹ ਦੇਸ਼ ਵਿਰੋਧੀ ਕੰਮ ਵਾਂਗ ਹੈ।’ ਡੀਐੱਮਕੇ ਦੇ ਟੀ ਆਰ ਬਾਲੂ ਨੇ ਕਿਹਾ ਕਿ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਰੋਧੀ ਪਾਰਟੀਆਂ ਸੰਸਦ ’ਚ ਬਹਿਸ ਤੋਂ ਭੱਜ ਰਹੀਆਂ ਹਨ ਪਰ ਇੰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਇਸ ਮੁੱਦੇ ’ਤੇ ਬਹਿਸ ਲਈ ਨੋਟਿਸ ਦਿੱਤੇ ਹਨ ਪਰ ਸਰਕਾਰ ਖੁਦ ਅੱਗੇ ਨਹੀਂ ਆ ਰਹੀ ਹੈ। ਸ਼ਿਵ ਸੈਨਾ ਦੇ ਸੰਜੈ ਰਾਊਤ ਨੇ ਦੋਸ਼ ਲਾਇਆ ਕਿ ਸਰਕਾਰ ਪਿੱਠ ’ਚ ਛੁਰਾ ਮਾਰ ਰਹੀ ਹੈ ਅਤੇ ਉਸ ਨੇ ਇਸ ਹਥਿਆਰ ਰਾਹੀਂ ਵਿਰੋਧੀਆਂ ’ਤੇ ਹਮਲੇ ਕੀਤੇ ਹਨ। ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਜਾਸੂਸੀ ਕਾਂਡ ਦੀ ਸਚਾਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਾਉਣ ਤੱਕ ਸਾਹਮਣੇ ਨਹੀਂ ਆਵੇਗੀ। ਐੱਨਸੀਪੀ ਦੀ ਸੁਪ੍ਰਿਆ ਸੂਲੇ ਨੇ ਕਿਹਾ ਕਿ ਵਿਰੋਧੀ ਧਿਰ ਜਾਸੂਸੀ ਕਾਂਡ ’ਤੇ ਸੰਸਦ ’ਚ ਚਰਚਾ ਦੀ ਆਪਣੀ ਮੰਗ ’ਤੇ ਕਾਇਮ ਹੈ। ਮੀਟਿੰਗ ’ਚ ਅਧੀਰ ਰੰਜਨ ਚੌਧਰੀ, ਜੈਰਾਮ ਰਮੇਸ਼ (ਕਾਂਗਰਸ), ਟੀ ਆਰ ਬਾਲੂ, ਤਿਰੁਚੀ ਸ਼ਿਵਾ, ਕਨੀਮੋੜੀ (ਡੀਐੱਮਕੇ), ਸੁਪ੍ਰਿਆ ਸੂਲੇ, ਪ੍ਰਫੁੱਲ ਪਟੇਲ (ਐੱਨਸੀਪੀ), ਸੰਜੈ ਰਾਊਤ (ਸ਼ਿਵ ਸੈਨਾ), ਹਸਨੈਨ ਮਸੂਦੀ (ਨੈਸ਼ਨਲ ਕਾਨਫਰੰਸ), ਈ ਕਰੀਮ (ਸੀਪੀਐੱਮ), ਬਿਨੋਏ ਵਿਸਵਮ (ਸੀਪੀਆਈ), ਭਗਵੰਤ ਮਾਨ (ਆਪ) ਅਤੇ ਮਨੋਜ ਝਾਅ (ਆਰਜੇਡੀ) ਹਾਜ਼ਰ ਸਨ। -ਪੀਟੀਆਈ/ਆਈਏਐਨਐਸ