ਸਰਕਾਰ ਨੇ wholesale consumers ਲਈ Sugar stock ਹੱਦ 30 ਦਿਨ ਕੀਤੀ
ਪਹਿਲਾਂ 15 ਦਿਨਾਂ ਦਾ ਸਟਾਕ ਰੱਖਣ ਦੀ ਸੀ ਇਜਾਜ਼ਤ
ਸਰਕਾਰ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਥੋਕ ਖ਼ਪਤਕਾਰਾਂ ਲਈ ਖੰਡ ਭੰਡਾਰਨ ਦੀ ਹੱਦ 15 ਦਿਨਾਂ ਤੋਂ ਵਧਾ ਕੇ 30 ਦਿਨ ਕਰ ਦਿੱਤੀ ਹੈ। ਖ਼ੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਦੱਸਿਆ ਕਿ ਮਹੀਨੇ ਵਿੱਚ 10 ਟਨ ਤੋਂ ਵੱਧ ਖੰਡ ਦੀ ਵਰਤੋਂ ਕਰਨ ਵਾਲੀਆਂ ਸਨਅਤਾਂ ਨੂੰ ਹੁਣ ਵਧੇਰੇ ਸਟਾਕ ਰੱਖਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ, ਪਹਿਲਾਂ ਨਿਰਧਾਰਤ 15 ਦਿਨਾਂ ਤੋਂ ਵੱਧ ਸਟਾਕ ਸਿਰਫ਼ ਟੈਰਿਫ ਰੇਟ ਕੋਟਾ ਜਾਂ ਐਡਵਾਂਸ ਅਥਾਰਾਈਜ਼ੇਸ਼ਨ ਸਕੀਮ ਤਹਿਤ ਦਰਾਮਦ ਖੰਡ ਤੋਂ ਹੀ ਪ੍ਰਾਪਤ ਕੀਤਾ ਜਾ ਸਕੇਗਾ। ਖੁੱਲ੍ਹੇ ਬਾਜ਼ਾਰ ਤੋਂ ਖ਼ਰੀਦੀ ਖੰਡ ਲਈ 15 ਦਿਨਾਂ ਦੀ ਹੱਦ ਜਾਰੀ ਰਹੇਗੀ। ਸਰਕਾਰ ਨੇ ਟੈਰਿਫ ਰੇਟ ਕੋਟਾ ਤਹਿਤ 10 ਲੱਖ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਥੋਕ ਖ਼ਪਤਕਾਰਾਂ ਨੂੰ ਹਰ ਸ਼ੁੱਕਰਵਾਰ ਖ਼ੁਰਾਕ ਮੰਤਰਾਲੇ ਦੇ ਔਨਲਾਈਨ ਪੋਰਟਲ ’ਤੇ ਆਪਣੇ ਖੰਡ ਭੰਡਾਰ ਦੀ ਜਾਣਕਾਰੀ ਦੇਣੀ ਹੋਵੇਗੀ। ਸਨਅਤਾਂ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਖ਼ੰਡ ਸਟਾਕ ਹੱਦ ਵਧਾਉਣ ਦੀ ਮੰਗ ਕੀਤੀ ਸੀ, ਜਿਸ ’ਤੇ ਸਰਕਾਰ ਨੇ ਲਿਮਿਟ ਵਧਾਉਣ ਦੀ ਇਜਾਜ਼ਤ ਦਿੱਤੀ ਹੈ।

