DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰ ਵੱਲੋਂ ਪੈਟਰੋਕੈਮੀਕਲ ਉਤਪਾਦਾਂ ਉੱਤੇ ਕਸਟਮ ਡਿਊਟੀ ’ਚ ਛੋਟ

ਖਜ਼ਾਨੇ ’ਤੇ 1800 ਕਰੋੜ ਰੁਪਏ ਦਾ ਪਏਗਾ ਬੋਝ

  • fb
  • twitter
  • whatsapp
  • whatsapp
Advertisement
ਸਰਕਾਰ ਨੇ ਅੱਜ ਅਹਿਮ ਪੈਟਰੋਕੈਮੀਕਲ ਉਤਪਾਦਾਂ ਦੀ ਦਰਾਮਦ ’ਤੇ ਤਿੰਨ ਮਹੀਨਿਆਂ ਭਾਵ 30 ਜੂਨ ਤੱਕ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। ਪੱਛਮੀ ਏਸ਼ੀਆ ਸੰਕਟ ਕਾਰਨ ਸਪਲਾਈ ਯਕੀਨੀ ਬਣਾਉਣ ਤੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਨਾਲ ਪਲਾਸਟਿਕ, ਪੈਕੇਜਿੰਗ, ਟੈਕਸਟਾਈਲ, ਫਾਰਮਾਸਿਊਟੀਕਲਜ਼, ਕੈਮੀਕਲਜ਼, ਆਟੋ ਪੁਰਜ਼ੇ ਤੇ ਹੋਰਨਾਂ ਉਤਪਾਦਨ ਖੇਤਰਾਂ ਜਿਵੇਂ ਪੈਟਰੋਕੈਮੀਕਲ ਕੱਚਾ ਤੇਲ ਤੇ ਦਰਮਿਆਨੀ ਵਸਤਾਂ ’ਤੇ ਟੇਕ ਰੱਖਣ ਵਾਲੀਆਂ ਸਨਅਤਾਂ ਨੂੰ ਲਾਭ ਹੋਵੇਗਾ। ਸਰਕਾਰ ਦੀ ਇਸ ਪੇਸ਼ਕਦਮੀ ਨਾਲ ਸਰਕਾਰੀ ਖ਼ਜ਼ਾਨੇ ’ਤੇ ਕਰੀਬ 1,800 ਕਰੋੜ ਰੁਪਏ ਦਾ ਬੋਝ ਪਏਗਾ।ਵਿੱਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਤੇ ਇਸ ਨਾਲ ਆਲਮੀ ਸਪਲਾਈ ਚੇਨਾਂ ਵਿੱਚ ਪੈਣ ਵਾਲੇ ਅੜਿੱਕਿਆਂ ਦੇ ਮੱਦੇਨਜ਼ਰ ਸਰਕਾਰ ਨੇ 30 ਜੂਨ ਤੱਕ ਅਹਿਮ ਪੈਟਰੋਕੈਮੀਕਲ ਉਤਪਾਦਾਂ ਉੱਤੇ ਮੁਕੰਮਲ ਕਸਟਮ ਡਿਊਟੀ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਅਸਥਾਈ ਤੇ ਸੇਧਤ ਰਾਹਤ ਉਪਾਅ ਵਜੋਂ ਚੁੱਕਿਆ ਗਿਆ ਹੈ ਤਾਂ ਕਿ ਘਰੇਲੂ ਸਨਅਤਾਂ ਲਈ ਜ਼ਰੂਰੀ ਪੈਟਰੋਕੈਮੀਕਲ ਕੱਚੇ ਮਾਲ ਦੀ ਉਪਲਬਧਤਾ ਬਣੀ ਰਹੇ ਅਤੇ ਅੱਗੇ ਸਬੰਧਤ ਖੇਤਰਾਂ ’ਤੇ ਲਾਗਤ ਖਰਚਿਆਂ ਦਾ ਦਬਾਅ ਘਟੇ ਤੇ ਦੇਸ਼ ਵਿੱਚ ਸਪਲਾਈ ਸਥਿਰਤਾ ਯਕੀਨੀ ਬਣ ਸਕੇ। ਇਸ ਨਾਲ ਅੰਤਿਮ ਉਤਪਾਦਾਂ ਦੇ ਖਪਤਕਾਰਾਂ ਨੂੰ ਵੀ ਰਾਹਤ ਮਿਲੇਗੀ। ਸਰਕਾਰ ਨੇ ਮੇਥਾਨੌਲ, ਐਨਹਾਈਡ੍ਰਸ ਅਮੋਨੀਆ, ਟੌਲੁਇਨ, ਸਟਾਇਰੀਨ, ਡਾਇਕਲੋਰੋਮਿਥੇਨ (ਮੈਥੀਲੀਨ ਕਲੋਰਾਈਡ), ਵਿਨਾਇਲ ਕਲੋਰਾਈਡ ਮੋਨੋਮਰ, ਪੌਲੀ ਬਿਊਟਾਡਾਇਨ, ਸਟਾਇਰੀਨ ਬਿਊਟਾਡਾਇਨ ਤੇ ਅਨਸੈਚੁਰੇਟਿਡ ਪੌਲੀਐਸਟਰ ਰੈਸਿਨਜ਼ ਨੂੰ ਕਸਟਮ ਡਿਊਟੀ ’ਚ ਛੋਟ ਦਿੱਤੀ ਹੈ।

Advertisement

Advertisement

ਰਿਫਾਇਨਰੀਆਂ ਨੂੰ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਨਵੀਂ ਦਿੱਲੀ: ਸਰਕਾਰ ਨੇ ਤੇਲ ਰਿਫਾਇਨਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਸੋਈ ਗੈਸ (ਐੱਲ ਪੀ ਜੀ) ਦੇ ਉਤਪਾਦਨ ਲਈ ਆਮ ਤੌਰ ’ਤੇ ਵਰਤੇ ਜਾਣ ਵਾਲੇ ਕੱਚੇ ਮਾਲ ਜਾਂ ਹੋਰ ਗੈਸਾਂ ਦਾ ਇੱਕ ਹਿੱਸਾ ਉਨ੍ਹਾਂ ਸਨਅਤਾਂ ਨੂੰ ਦੇਣ ਜੋ ਪੈਟਰੋ ਕੈਮੀਕਲ ਦੀ ਮੌਜੂਦਾ ਕਿੱਲਤ ਨਾਲ ਜੂਝ ਰਹੀਆਂ ਹਨ। ਇਸ ਕਿੱਲਤ ਦਾ ਅਸਰ ਪੈਕੇਜਿੰਗ ਤੋਂ ਲੈ ਕੇ ਹੋਰ ਖੇਤਰਾਂ ਤੱਕ ਪੈ ਰਿਹਾ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਪਹਿਲੀ ਅਪਰੈਲ ਨੂੰ ਰਿਫਾਇਨਰੀਆਂ ਨੂੰ ਪ੍ਰੋਪੀਲੀਨ ਦਾ ਕੁਝ ਹਿੱਸਾ ਪੈਟਰੋ ਕੈਮੀਕਲ ਸਨਅਤਾਂ ਨੂੰ ਅਲਾਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਜ਼ਿਆਦਾਤਰ ਗੈਸ (ਫੀਡਸਟਾਕ) ਐੱਲ ਪੀ ਜੀ ਉਤਪਾਦਨ ਲਈ ਵਰਤੀ ਜਾ ਰਹੀ ਸੀ। ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਜੰਗ ਕਾਰਨ ਮੱਧ ਪੂਰਬ ਤੋਂ ਭਾਰਤ ਦੀ ਐੱਲ ਪੀ ਜੀ ਸਪਲਾਈ ਵਿੱਚ ਪਏ ਅੜਿੱਕੇ ਮਗਰੋਂ ਸਰਕਾਰ ਨੇ ਰਿਫਾਇਨਰੀਆਂ ਨੂੰ ਰਸੋਈ ਗੈਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਐੱਲ ਪੀ ਜੀ ਦਾ ਉਤਪਾਦਨ ਵਧਾਉਣ ਲਈ ਕਿਹਾ ਸੀ। ਐੱਲ ਪੀ ਜੀ ਦੇ ਉਤਪਾਦਨ ਵਿੱਚ ਇਹ ਵਾਧਾ ਉਨ੍ਹਾਂ ਗੈਸਾਂ ਨੂੰ ਮੋੜ ਕੇ ਕੀਤਾ ਗਿਆ ਸੀ, ਜੋ ਪਹਿਲਾਂ ਪੈਟਰੋ ਕੈਮੀਕਲ ਬਣਾਉਣ ਲਈ ਵਰਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਕੁਝ ਖਾਸ ਹੋਰ ਸੈਕਟਰ ਹਨ ਜਿਨ੍ਹਾਂ ਨੂੰ ਰਿਫਾਇਨਰੀਆਂ ਦੀਆਂ ਖਾਸ ਗੈਸਾਂ ਦੀ ਲੋੜ ਹੈ ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। -ਪੀਟੀਆਈ

Advertisement
×