ਗੋਆ: 2025 ਦੌਰਾਨ ਸੈਲਾਨੀਆਂ ਦੀ ਰਿਕਾਰਡ ਆਮਦ
1.08 ਕਰੋੜ ਸੈਲਾਨੀ ਪਹੁੰਚੇ, ਵਿਦੇਸ਼ੀ ਮਹਿਮਾਨਾਂ ਦੀ ਗਿਣਤੀ 5 ਲੱਖ ਤੋਂ ਪਾਰ
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਲਗਪਗ 1.08 ਕਰੋੜ ਸੈਲਾਨੀ ਗੋਆ ਪਹੁੰਚੇ ਹਨ, ਜਿਨ੍ਹਾਂ ਵਿੱਚ ਪੰਜ ਲੱਖ ਵਿਦੇਸ਼ੀ ਸੈਲਾਨੀ ਸ਼ਾਮਲ ਹਨ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਗਿਣਤੀ ਹੈ। ਸੈਰ-ਸਪਾਟਾ ਮੰਤਰੀ ਰੋਹਨ ਖੌਂਟੇ ਨੇ ਐਤਵਾਰ ਨੂੰ ਦੱਸਿਆ ਕਿ ਸਰਕਾਰ ਦਾ ਧਿਆਨ ਮਿਆਰੀ ਸੈਰ-ਸਪਾਟਾ, ਬਾਜ਼ਾਰਾਂ ਵਿੱਚ ਵਿਭਿੰਨਤਾ ਅਤੇ 'ਰੀਜਨਰੇਟਿਵ ਟੂਰਿਜ਼ਮ' (Regenerative Tourism) ਦੇ ਵਿਜ਼ਨ ਨੂੰ ਅੱਗੇ ਵਧਾਉਣ 'ਤੇ ਹੈ, ਤਾਂ ਜੋ ਇਸ ਦਾ ਲਾਭ ਸਥਾਨਕ ਭਾਈਚਾਰਿਆਂ, ਵਾਤਾਵਰਣ ਅਤੇ ਆਰਥਿਕਤਾ ਨੂੰ ਮਿਲ ਸਕੇ।
ਸਾਲ 2025 ਦੇ ਅੰਕੜਿਆਂ ਮੁਤਾਬਕ ਗੋਆ ਵਿੱਚ 1,02,84,608 ਘਰੇਲੂ ਸੈਲਾਨੀ ਅਤੇ 5,17,802 ਵਿਦੇਸ਼ੀ ਸੈਲਾਨੀ ਆਏ, ਜਿਸ ਨਾਲ ਕੁੱਲ ਗਿਣਤੀ 1,08,02,410 ਹੋ ਗਈ। ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿੱਚ ਚਾਰਟਰ ਉਡਾਣਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਅੰਕੜੇ ਦੱਸਦੇ ਹਨ ਕਿ 2017 ਵਿੱਚ ਕੁੱਲ 77.85 ਲੱਖ ਸੈਲਾਨੀ ਆਏ ਸਨ, ਜੋ ਕੋਵਿਡ ਤੋਂ ਬਾਅਦ 2023 ਵਿੱਚ 86.28 ਲੱਖ ਅਤੇ 2024 ਵਿੱਚ 1.04 ਕਰੋੜ ਤੱਕ ਪਹੁੰਚ ਗਏ।
ਮਨੋਹਰ ਇੰਟਰਨੈਸ਼ਨਲ ਏਅਰਪੋਰਟ (ਮੋਪਾ) ਦੇ ਸ਼ੁਰੂ ਹੋਣ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਇਆ ਹੈ, ਜਿੱਥੇ 2025 ਵਿੱਚ 1,784 ਅੰਤਰਰਾਸ਼ਟਰੀ ਉਡਾਣਾਂ ਰਾਹੀਂ 2,35,798 ਵਿਦੇਸ਼ੀ ਸੈਲਾਨੀ ਪਹੁੰਚੇ। ਇਸ ਤੋਂ ਇਲਾਵਾ, ਮੋਰਮੁਗਾਓ ਪੋਰਟ ਰਾਹੀਂ ਕਰੂਜ਼ ਸੈਰ-ਸਪਾਟਾ ਵੀ ਵਧਿਆ ਹੈ, ਜਿੱਥੇ 2025 ਵਿੱਚ 37 ਕਰੂਜ਼ ਜਹਾਜ਼ਾਂ ਰਾਹੀਂ 51,510 ਯਾਤਰੀ ਗੋਆ ਪਹੁੰਚੇ। ਮੰਤਰੀ ਨੇ ਕਿਹਾ ਕਿ ਇਹ ਅੰਕੜੇ ਸੈਰ-ਸਪਾਟਾ ਖੇਤਰ ਦੀ ਮਜ਼ਬੂਤੀ ਅਤੇ ਸਰਕਾਰ ਦੀਆਂ ਨੀਤੀਆਂ ਦੀ ਸਫਲਤਾ ਨੂੰ ਦਰਸਾਉਂਦੇ ਹਨ।

