Goa night club fire: ਕਲੱਬ ਭਰਿਆ ਹੋਇਆ ਸੀ, ਲੋਕ ਨੱਚ ਰਹੇ ਸਨ ਤੇ ਅਚਾਨਕ ਅੱਗ ਫੈਲ ਗਈ: ਚਸ਼ਮਦੀਦ
Goa night club fire: ਉੱਤਰੀ ਗੋਆ ਦੇ ਇੱਕ ਨਾਈਟ ਕਲੱਬ ਦੇ ਡਾਂਸ ਫਲੋਰ 'ਤੇ ਘੱਟੋ-ਘੱਟ 100 ਲੋਕ ਮੌਜੂਦ ਸਨ ਜਦੋਂ ਉੱਥੇ ਅਚਾਨ ਅੱਗ ਲੱਗੀ ਅਤੇ ਬਚਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਵਿੱਚੋਂ ਕੁਝ ਹੇਠਾਂ ਰਸੋਈ ਵੱਲ ਭੱਜ ਗਏ, ਜਿੱਥੇ ਉਹ ਸਟਾਫ਼ ਸਮੇਤ ਫਸ ਗਏ।
ਜਿੱਥੇ ਸੂਬਾ ਪੁਲੀਸ ਨੇ ਕਿਹਾ ਕਿ ਅੱਗ ਐਤਵਾਰ ਅੱਧੀ ਰਾਤ ਤੋਂ ਬਾਅਦ ਸਿਲੰਡਰ ਫਟਣ ਕਾਰਨ ਲੱਗੀ, ਉੱਥੇ ਹੀ ਕੁੱਝ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਅੱਗ ਕਲੱਬ ਦੀ ਪਹਿਲੀ ਮੰਜ਼ਿਲ 'ਤੇ ਸ਼ੁਰੂ ਹੋਈ, ਜਿੱਥੇ ਸੈਲਾਨੀ ਨੱਚ ਰਹੇ ਸਨ।
ਹੈਦਰਾਬਾਦ ਦੀ ਇੱਕ ਸੈਲਾਨੀ ਫਾਤਿਮਾ ਸ਼ੇਖ ਨੇ ਐਤਵਾਰ ਤੜਕੇ ਅਰਪੋਰਾ ਵਿੱਚ ਦੱਸਿਆ, “ਜਿਵੇਂ ਹੀ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ, ਅਚਾਨਕ ਹਫੜਾ-ਦਫੜੀ ਮਚ ਗਈ। ਅਸੀਂ ਕਲੱਬ ਤੋਂ ਬਾਹਰ ਭੱਜੇ ਤਾਂ ਦੇਖਿਆ ਕਿ ਪੂਰੀ ਇਮਾਰਤ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਸੀ।”
ਉਸ ਨੇ ਦੱਸਿਆ ਕਿ ਵੀਕੈਂਡ ਹੋਣ ਕਾਰਨ ਨਾਈਟ ਕਲੱਬ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਘੱਟੋ-ਘੱਟ 100 ਲੋਕ ਡਾਂਸ ਫਲੋਰ 'ਤੇ ਸਨ।
ਸ਼ੇਖ ਨੇ ਕਿਹਾ ਕਿ ਅੱਗ ਲੱਗਣ ਤੋਂ ਬਾਅਦ, ਕੁਝ ਸੈਲਾਨੀ ਹੇਠਾਂ ਵੱਲ ਭੱਜਣ ਲੱਗੇ ਅਤੇ ਭਾਜੜ ਵਿੱਚ, ਉਹ ਹੇਠਲੀ ਮੰਜ਼ਿਲ 'ਤੇ ਸਥਿਤ ਰਸੋਈ ਵਿੱਚ ਚਲੇ ਗਏ। ਉਸ ਨੇ ਅੱਗੇ ਕਿਹਾ, “ਉਹ (ਸੈਲਾਨੀ) ਉੱਥੇ ਹੋਰ ਸਟਾਫ਼ ਸਮੇਤ ਫਸ ਗਏ। ਕਈ ਲੋਕ ਕਲੱਬ ਵਿੱਚੋਂ ਬਾਹਰ ਭੱਜਣ ਵਿੱਚ ਕਾਮਯਾਬ ਰਹੇ।”
ਉਨ੍ਹਾਂ ਕਿਹਾ ਦੇਖਦੇ ਹੀ ਦੇਖਦੇ ਪੂਰਾ ਕਲੱਬ ਅੱਗ ਦੀ ਲਪੇਟ ਵਿੱਚ ਆ ਗਿਆ ਕਿਉਂਕਿ ਉੱਥੇ ਤਾੜ ਦੇ ਪੱਤਿਆਂ ਦੀ ਇੱਕ ਅਸਥਾਈ ਉਸਾਰੀ ਕੀਤੀ ਗਈ ਸੀ ਜਿਸ ਨੇ ਆਸਾਨੀ ਨਾਲ ਅੱਗ ਫੜ ਲਈ।
ਨਾਈਟ ਕਲੱਬ ਅਰਪੋਰਾ ਦਰਿਆ ਦੇ ਪਿਛਲੇ ਪਾਣੀਆਂ ਵਿੱਚ ਸਥਿਤ ਹੈ ਅਤੇ ਇਸ ਵਿੱਚ ਦਾਖਲੇ ਅਤੇ ਬਾਹਰ ਨਿਕਲਣ ਲਈ ਇੱਕ ਤੰਗ ਰਸਤਾ ਹੈ। ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਲਈ ਕਲੱਬ ਤੱਕ ਪਹੁੰਚਣਾ ਮੁਸ਼ਕਲ ਸੀ ਅਤੇ ਉਨ੍ਹਾਂ ਦੇ ਟੈਂਕਰਾਂ ਨੂੰ ਘਟਨਾ ਵਾਲੀ ਥਾਂ ਤੋਂ ਲਗਪਗ 400 ਮੀਟਰ ਦੂਰ ਪਾਰਕ ਕਰਨਾ ਪਿਆ।
ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੰਗ ਰਸਤੇ ਕਾਰਨ ਘਟਨਾ ਵਾਲੀ ਥਾਂ 'ਤੇ ਪਹੁੰਚਣਾ ਮੁਸ਼ਕਲ ਹੋ ਗਿਆ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣਾ ਇੱਕ ਚੁਣੌਤੀਪੂਰਨ ਕੰਮ ਬਣ ਗਿਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੌਤਾਂ ਦਮ ਘੁਟਣ ਕਾਰਨ ਹੋਈਆਂ, ਕਿਉਂਕਿ ਪੀੜਤ ਹੇਠਲੀ ਮੰਜ਼ਿਲ 'ਤੇ ਫਸੇ ਰਹੇ।
