ਗੋਆ ਹਾਦਸਾ: ਅਰਪੋਰਾ ਦੇ ਪ੍ਰਮੋਟਰਾਂ ਦੀ ਸ਼ੈਕ ਸੀਲ; ਦੋ ਮਾਲਕਾਂ ਅਤੇ ਪ੍ਰੋਗਰਾਮ ਪ੍ਰਬੰਧਕਾਂ ਖ਼ਿਲਾਫ਼ ਕੇਸ
ਮੁੱਖ ਮੰਤਰੀ ਵੱਲੋਂ ਮੈਜਿਸਟਰੇਟ ਜਾਂਚ ਦੇ ਹੁਕਮ; ਮ੍ਰਿਤਕਾਂ ਵਿੱਚ ਚਾਰ ਸੈਲਾਨੀ ਅਤੇ 14 ਸਟਾਫ ਮੈਂਬਰ; ਸੱਤ ਦੀ ਪਛਾਣ ਨਾ ਹੋੲੀ
ਗੋਆ ਦੇ ਅਰਪੋਰਾ ਵਿਚ ਰੋਮੀਓ ਲੇਨ ਨਾਈਟ ਕਲੱਬ ਦੇ ਪ੍ਰਮੋਟਰਾਂ ਨਾਲ ਸਬੰਧਤ ਸ਼ੈਕ (ਸਮੁੰਦਰ ਕਿਨਾਰੇ ਖਾਣ ਪੀਣ ਦੀ ਸਮੱਗਰੀ ਵਰਤਾਉਣ ਲਈ ਬਣੀ ਆਰਜ਼ੀ ਥਾਂ) ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਥਾਂ ’ਤੇ ਅੱਗ ਲੱਗਣ ਕਾਰਨ 25 ਜਣਿਆਂ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਅਧਿਕਾਰੀਆਂ ਨੇ ਅੱਜ ਸ਼ਾਮ ਵੈਗੇਟਰ ਬੀਚ ’ਤੇ ਰੋਮੀਓ ਲੇਨ ਸ਼ੈਕ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਇਹ ਸ਼ੈਕ ਸਰਕਾਰੀ ਮਾਲਕੀ ਵਾਲੀ ਥਾਂ ’ਤੇ ਗੈਰਕਾਨੂੰਨੀ ਢੰਗ ਨਾਲ ਬਣੀ ਹੋਈ ਸੀ। ਇਸ ਤੋਂ ਪਹਿਲਾਂ ਪੁਲੀਸ ਨੇ ਗੋਆ ਵਿੱਚ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਦੋ ਮਾਲਕਾਂ, ਇਸ ਦੇ ਮੈਨੇਜਰ ਅਤੇ ਪ੍ਰੋਗਰਾਮ ਪ੍ਰਬੰਧਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਅਰਪੋਰਾ-ਨਾਗੋਆ ਪੰਚਾਇਤ ਦੇ ਸਰਪੰਚ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਗ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਦੱਸਣਾ ਬਣਦਾ ਹੈ ਕਿ ਅੱਧੀ ਰਾਤ ਤੋਂ ਬਾਅਦ ਇਸ ਨਾਈਟ ਕਲੱਬ ਵਿੱਚ ਅੱਗ ਲੱਗ ਗਈ ਸੀ ਤੇ ਪਣਜੀ ਤੋਂ ਲਗਪਗ 25 ਕਿਲੋਮੀਟਰ ਦੂਰ ਸਥਿਤ ਅਰਪੋਰਾ ਪਿੰਡ ਵਿੱਚ ਉੱਘੇ ਪਾਰਟੀ ਸਥਾਨ ’ਤੇ ਪਿਛਲੇ ਸਾਲ ਖੁੱਲ੍ਹਿਆ ਸੀ। ਇਸ ਹਾਦਸੇ ਵਿਚ 25 ਜਣਿਆਂ ਦੀ ਮੌਤ ਹੋ ਗਈ ਸੀ। ਇਹ ਪਤਾ ਲੱਗਿਆ ਹੈ ਕਿ ਮ੍ਰਿਤਕਾਂ ਵਿਚ ਚਾਰ ਸੈਲਾਨੀ ਸਨ ਤੇ 14 ਸਟਾਫ ਮੈਂਬਰ ਸਨ ਤੇ ਸੱਤ ਜਣਿਆਂ ਦੀ ਹਾਲੇ ਪਛਾਣ ਨਹੀਂ ਹੋਈ।

