ਸਾਨੂੰ ਫੰਡ ਦਿਓ, ਖ਼ਜ਼ਾਨਾ ਖਾਲੀ ਹੈ: ਉਮਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਜੰਮੂ ਕਸ਼ਮੀਰ ਦੀ ਆਰਥਿਕਤਾ ਸੁਧਾਰਨ ਲਈ ਮੁੱਖ ਮੰਤਰੀ ਉਮਰ ਅਬਦੁੱਲਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ’ਤੇ ਸ੍ਰੀ ਅਬਦੁੱਲਾ ਨੇ ਕਿਹਾ, ‘‘ਮੈਡਮ, ਕਿਰਪਾ ਕਰ ਕੇ ਸਾਨੂੰ ਪੈਸੇ ਤਾਂ ਦਿਓ ਕਿਉਂਕਿ ਖਜ਼ਾਨਾ ਖਾਲੀ ਹੈ।’’ ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ਦੌਰਾਨ ਸ੍ਰੀਮਤੀ ਸੀਤਾਰਾਮਨ ਨੇ ਕਿਹਾ ਸੀ ਕਿ ਉਮਰ ਅਬਦੁੱਲਾ ਸੈਰ-ਸਪਾਟਾ ਖੇਤਰ ਪ੍ਰਭਾਵਿਤ ਹੋਣ ਦੇ ਬਾਵਜੂਦ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਸ੍ਰੀ ਅਬਦੁੱਲਾ ਨੇ ਕਿਹਾ ਕਿ ਕੇਂਦਰ ਨਾਲ ਚੰਗੇ ਕੰਮਕਾਜੀ ਸਬੰਧ ਬਣਾਉਣ ਦਾ ਮਤਲਬ ਭਾਜਪਾ ਨਾਲ ਸਮਝੌਤਾ ਨਹੀਂ ਹੈ। ਉਹ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਜਾਰੀ ਰੱਖਣਗੇ ਪਰ ਸੂਬੇ ਦੇ ਭਲੇ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਯੂ ਟੀ ਵਾਲਾ ਮਾਡਲ ਫੇਲ੍ਹ ਸਾਬਤ ਹੋਇਆ ਹੈ।
ਕਸਟਮ ਡਿਊਟੀ ਪ੍ਰਣਾਲੀ ਸਰਲ ਬਣਾਉਣ ਦਾ ਟੀਚਾ: ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਦਾ ਅਗਲਾ ਵੱਡਾ ਟੀਚਾ ਕਸਟਮ ਪ੍ਰਣਾਲੀ ਵਿੱਚ ਸੁਧਾਰ ਕਰ ਕੇ ਇਸ ਨੂੰ ਸਰਲ ਬਣਾਉਣਾ ਹੈ। ਕਸਟਮ ਡਿਊਟੀ ਦੀਆਂ ਦਰਾਂ ਤਰਕਸੰਗਤ ਬਣਾਉਣ ਅਤੇ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦੀ ਲੋੜ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਚਾਲੂ ਵਿੱਤੀ ਸਾਲ ਦੌਰਾਨ ਜੀ ਡੀ ਪੀ ਦੀ ਵਿਕਾਸ ਦਰ 7 ਫੀਸਦੀ ਤੋਂ ਵੱਧ ਰਹੇਗੀ।
