ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਦੀ ਅਗਵਾਈ ਹੇਠ ਭਾਰਤੀ ਰੱਖਿਆ ਵਫ਼ਦ ਚਾਰ ਦਿਨ ਦੀ ਅਧਿਕਾਰਤ ਯਾਤਰਾ ’ਤੇ ਅਰਮੀਨੀਆ ਪਹੁੰਚ ਗਿਆ ਹੈ। ਇਸ ਦੌਰੇ ਦਾ ਮਕਸਦ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਰੱਖਿਆ ਸਮਝੌਤੇ ਨੂੰ ਅੱਗੇ ਵਧਾਉਣਾ ਅਤੇ ਲੰਬੇ ਸਮੇਂ ਦੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਹੈੱਡਕੁਆਰਟਰ ਇੰਟੀਗ੍ਰੇਟੇਡ ਡਿਫੈਂਸ ਸਟਾਫ ਨੇ ‘ਐਕਸ’ ਉੱਤੇ ਇਹ ਜਾਣਕਾਰੀ ਦਿੱਤੀ। ਅਰਮੀਨੀਆ ਵਿੱਚ ਭਾਰਤ ਦੀ ਰਾਜਦੂਤ ਨੀਲਾਕਸ਼ੀ ਸਾਹਾ ਸਿਨਹਾ ਅਤੇ ਅਰਮੀਨੀਆ ਗਣਰਾਜ ਦੇ ਹਥਿਆਰਬੰਦ ਬਲਾਂ ਦੇ ਉਪ ਮੁਖੀ ਟਿਮੂਰ ਸ਼ਾਹਨਾਜ਼ੇਰੀਅਨ ਨੇ ਯੇਰੇਵਨ ਵਿੱਚ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਸੀ ਡੀ ਐੱਸ ਚੌਹਾਨ ਦਾ ਯੇਰੇਵਨ ਵਿੱਚ ਅਰਮੀਨੀਆ ਦੀ ਫੌਜ ਵੱਲੋਂ ਰਸਮੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਵੀ ਦਿੱਤਾ।
ਭਾਰਤੀ ਵਫ਼ਦ ਨੇ ਨਿੱਘੇ ਸਵਾਗਤ ਅਤੇ ਸ਼ਾਨਦਾਰ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ, ਜੋ ਭਾਰਤ ਅਤੇ ਅਰਮੀਨੀਆ ਦਰਮਿਆਨ ਡੂੰਘੇ ਸਬੰਧ ਅਤੇ ਸਥਾਈ ਦੋਸਤੀ ਨੂੰ ਦਰਸਾਉਂਦਾ ਹੈ। ਜਨਰਲ ਅਨਿਲ ਚੌਹਾਨ ਨੇ ਯੇਰੇਵਨ ਵਿੱਚ ਅਰਮੀਨਿਆਈ ਨਸਲਕੁਸ਼ੀ ਯਾਦਗਾਰ ਅਤੇ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨਸਲਕੁਸ਼ੀ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ 15 ਲੱਖ ਅਰਮੀਨਿਆਈ ਨਾਗਰਿਕਾਂ ਨੂੰ ਯਾਦ ਵਜੋਂ ਸਨਮਾਨ ਦਿੱਤਾ।

