DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ganga Aarti London: Thames ਨਦੀ ਦੇ ਕੰਢੇ ਪਹਿਲੀ ਵਾਰ ਹੋਈ ‘ਗੰਗਾ ਆਰਤੀ’; ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਲੋਕ

ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਨਦੀ ’ਚ ਨਹੀਂ ਵਹਾਈ ਗਈ ਕੋਈ ਸਮੱਗਰੀ

  • fb
  • twitter
  • whatsapp
  • whatsapp
Advertisement

ਯੂਕੇ ਦੀ ਰਾਜਧਾਨੀ ਲੰਡਨ ਵਿੱਚ ਐਤਵਾਰ ਨੂੰ ਉਸ ਵੇਲੇ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਟੇਮਜ਼ ਨਦੀ ਦੇ ਕੰਢੇ ਪਹਿਲੀ ਵਾਰ ‘ਗੰਗਾ ਆਰਤੀ’ ਕਰਵਾਈ ਗਈ। ਪ੍ਰਕਾਸ਼ ਅਤੇ ਧੰਨਵਾਦ ਦੇ ਇਸ ਰਵਾਇਤੀ ਸਮਾਰੋਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਹ ਸਮਾਗਮ ਚਿਨਮਯ ਮਿਸ਼ਨ ਯੂਕੇ ਵੱਲੋਂ ਸਾਲਾਨਾ ‘ਟੋਟਲੀ ਟੇਮਜ਼’ ਫੈਸਟੀਵਲ ਦੇ ਸਹਿਯੋਗ ਨਾਲ ਆਪਣੀ ਸੰਸਥਾ ਦੇ 75 ਸਾਲ ਪੂਰੇ ਹੋਣ ਦੇ ਵਿਸ਼ਵ ਵਿਆਪੀ ਜਸ਼ਨਾਂ ਦੇ ਹਿੱਸੇ ਵਜੋਂ ਉਲੀਕਿਆ ਗਿਆ ਸੀ। ਭਾਰਤ ਵਿੱਚ ਗੰਗਾ ਨਦੀ ਦੇ ਕੰਢੇ ਹੋਣ ਵਾਲੀ ਵਿਸ਼ਵ ਪ੍ਰਸਿੱਧ ਆਰਤੀ ਦੀ ਤਰਜ਼ ’ਤੇ ਲੰਡਨ ਵਿੱਚ ਕਰਵਾਇਆ ਗਿਆ ਇਹ ਸਮਾਗਮ ਕੁਦਰਤ, ਗਿਆਨ ਅਤੇ ਚੇਤਨਾ ਦੇ ਜੀਵਨ-ਦਾਤਾ ਪ੍ਰਵਾਹ ਦਾ ਪ੍ਰਤੀਕ ਸੀ।

ਚਿਨਮਯ ਮਿਸ਼ਨ ਯੂਕੇ ਦੀ ਰੈਜ਼ੀਡੈਂਟ ਟੀਚਰ ਬ੍ਰਹਮਚਾਰਿਣੀ ਸ਼੍ਰੀਪ੍ਰਿਆ ਚੈਤੰਨਿਆ ਨੇ ਦੱਸਿਆ, “ਪੀੜ੍ਹੀਆਂ ਤੋਂ ਲੋਕ ਨਦੀ, ਕੁਦਰਤ ਅਤੇ ਜੀਵਨ ਨੂੰ ਬਣਾਏ ਰੱਖਣ ਵਾਲੇ ਸਾਰੇ ਤੱਤਾਂ ਦਾ ਧੰਨਵਾਦ ਕਰਨ ਲਈ ਗੰਗਾ ਦੇ ਕੰਢੇ ਦੀਵੇ ਅਰਪਿਤ ਕਰਦੇ ਆਏ ਹਨ। ਟੇਮਜ਼ ਨਦੀ ’ਤੇ ਕੀਤੀ ਗਈ ਇਹ ਗੰਗਾ ਆਰਤੀ ਵੀ ਉਸੇ ਭਾਵਨਾ ਨੂੰ ਦਰਸਾਉਂਦੀ ਹੈ, ਜੋ ਸਭ ਨੂੰ ਏਕਤਾ, ਉਮੀਦ ਅਤੇ ਧੰਨਵਾਦ ਦੇ ਸਾਂਝੇ ਪਲ ਵਿੱਚ ਇੱਕਜੁੱਟ ਕਰਦੀ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਲਈ ਗੰਗਾ ਨਦੀ ਗਿਆਨ ਦੇ ਪ੍ਰਵਾਹ ਦਾ ਵੀ ਪ੍ਰਤੀਕ ਹੈ, ਕਿਉਂਕਿ ਉਨ੍ਹਾਂ ਦੇ ਸੰਸਥਾਪਕ ਸਵਾਮੀ ਚਿਨਮਆਨੰਦ ਨੇ ਵੇਦਾਂਤ ਦੇ ਸ਼ਾਸ਼ਵਤ ਗਿਆਨ ਨੂੰ ਹਿਮਾਲਿਆ ਤੋਂ ਕੱਢ ਕੇ ਲੋਕਾਂ ਦੇ ਆਮ ਜੀਵਨ ਤੱਕ ਪਹੁੰਚਾਇਆ ਸੀ।

Advertisement

ਵਾਤਾਵਰਨ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਸਮੁੱਚੀ ਆਰਤੀ ਪੂਰੀ ਤਰ੍ਹਾਂ ਜ਼ਮੀਨ (ਨਦੀ ਦੇ ਕੰਢੇ) ’ਤੇ ਹੀ ਕੀਤੀ ਗਈ ਅਤੇ ਕੋਈ ਵੀ ਸਮੱਗਰੀ ਜਾਂ ਦੀਵਾ ਟੇਮਜ਼ ਨਦੀ ਦੇ ਪਾਣੀ ਵਿੱਚ ਨਹੀਂ ਵਹਾਇਆ ਗਿਆ। ਚਿਨਮਯ ਮਿਸ਼ਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪਰੰਪਰਾ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਨਦੀ ਦੇ ਸੁਚੱਜ ਨੂੰ ਬਣਾਏ ਰੱਖਣ ਲਈ ਦੀਵੇ ਕੰਢੇ ’ਤੇ ਹੀ ਰੱਖੇ ਗਏ ਸਨ। ਇਸ ਦੇ ਨਾਲ ਹੀ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕੀਤਾ ਗਿਆ ਅਤੇ ਕੂੜਾ-ਕਰਕਟ ਘਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਆਲੇ-ਦੁਆਲੇ ਦਾ ਵਾਤਾਵਰਨ ਨੁਕਸਾਨਿਆ ਨਾ ਜਾਵੇ।

Advertisement

ਗ੍ਰੀਨਵਿਚ ਦੇ ਇਤਿਹਾਸਕ ‘ਓਲਡ ਰਾਇਲ ਨੇਵਲ ਕਾਲਜ’ ਦੇ ਪਿਛੋਕੜ ਵਿੱਚ ਸੰਗੀਤ ਅਤੇ ਮੰਤਰ ਉਚਾਰਨ ਨਾਲ ਹੋਏ ਇਸ ਸਮਾਗਮ ਵਿੱਚ ਯੂਕੇ ਭਰ ਤੋਂ ਹਿੰਦੂ ਸੰਗਠਨਾਂ ਦੇ ਆਗੂਆਂ, ਧਾਰਮਿਕ ਸ਼ਖਸੀਅਤਾਂ ਅਤੇ ਦੱਖਣੀ ਏਸ਼ਿਆਈ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਸੰਸਥਾ ਅਨੁਸਾਰ ਇਸ ਆਰਤੀ ਦਾ ਮੁੱਖ ਮਕਸਦ ਲੋਕਾਂ ਨੂੰ ਕੁਦਰਤੀ ਸੰਸਾਰ ਦੀ ਅਹਿਮੀਅਤ ਯਾਦ ਕਰਵਾਉਣਾ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਵਾਬਦੇਹ ਬਣਾਉਣਾ ਸੀ। 1997 ਤੋਂ ਚੱਲ ਰਹੇ ‘ਟੋਟਲੀ ਟੇਮਜ਼’ ਫੈਸਟੀਵਲ ਵਿੱਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਇਸ ਆਰਤੀ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਆਗਾਮੀ ਸਾਲਾਂ ਵਿੱਚ ਵੀ ਹਰ ਸਾਲ ਕਰਵਾਇਆ ਜਾਣ ਵਾਲਾ ਇੱਕ ਨਿਯਮਿਤ ਸਮਾਗਮ ਬਣ ਸਕਦਾ ਹੈ।

Advertisement
×