ਕੇਂਦਰੀ ਵਣਜ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਜੀ-20 ਵਣਜ ਮੰਤਰੀਆਂ ਨੇ ਕੁਝ ਖੇਤਰਾਂ ਵਿੱਚ ਸਰਕਾਰੀ ਸਹਾਇਤਾ ਨਾਲ ਤਿਆਰ ਕੀਤੀ ਗਈ ਵੱਡੀ ਪੈਦਾਵਾਰੀ ਸਮਰੱਥਾ ਨੂੰ ਭਾਰਤ, ਅਮਰੀਕਾ ਅਤੇ ਯੂਰੋਪ ਸਣੇ ਨਿਰਪੱਖ ਵਪਾਰਕ ਨੇਮਾਂ ਦੀ ਪਾਲਣਾ ਕਰਨ ਵਾਲੇ ਦੇਸ਼ਾਂ ਵਿੱਚ ਉਤਪਾਦਨ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਬਾਰੇ ਚਰਚਾ ਕੀਤੀ ਹੈ। ਉਹ ਮਿਲਵਾਕੀ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਖ਼ਤਮ ਹੋਈ ਜੀ-20 ਵਣਜ ਮੰਤਰੀਆਂ ਦੀ ਮੀਟਿੰਗ ਬਾਰੇ ਸ਼ਿਕਾਗੋ ਵਿੱਚ ਭਾਰਤੀ ਪਰਵਾਸੀਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਗੋਇਲ ਨੇ ਕਿਹਾ ਕਿ ਮੈਂਬਰਾਂ ਨੇ ਆਲਮੀ ਵਪਾਰ ਸੰਸਥਾ (ਡਬਲਿਊ ਟੀ ਓ) ਦੇ ਕਈ ਪਹਿਲੂਆਂ ਦੇ ਭਵਿੱਖ ਬਾਰੇ ਵੀ ਚਰਚਾ ਕੀਤੀ, ਜੋ ਇਸ ਸਮੇਂ ਗੰਭੀਰ ਦਬਾਅ ਹੇਠ ਹੈ। ਇਨ੍ਹਾਂ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਕਈ ਦੇਸ਼ ਵਾਧੂ ਉਤਪਾਦਨ ਕਾਰਨ ਲਾਗਤ ਮੁੱਲ ਨਾਲੋਂ ਵੀ ਘੱਟ ਕੀਮਤ ’ਤੇ ਵਸਤਾਂ ਵੇਚ ਰਹੇ ਹਨ ਜਾਂ ਮਾਲ ਡੰਪ ਕਰ ਰਹੇ ਹਨ, ਜੋ ਇਮਾਨਦਾਰ ਅਤੇ ਨਿਰਪੱਖ ਵਪਾਰ ਲਈ ਬਹੁਤ ਨੁਕਸਾਨਦੇਹ ਹੈ। ਗੋਇਲ ਨੇ ਕਿਹਾ, ‘‘ਇਸ ਲਈ, ਇਸ ਤਰ੍ਹਾਂ ਦੇ ਮੁੱਦੇ ਅਮਰੀਕਾ ਵੱਲੋਂ ਉਜਾਗਰ ਕੀਤੇ ਗਏ ਹਨ। ਇਹ ਜੀ-20 ਉਨ੍ਹਾਂ ਦੀ ਪ੍ਰਧਾਨਗੀ ਹੇਠ ਹੈ। ਚੰਗੀ ਚਰਚਾ ਹੋਈ ਕਿ ਸਾਨੂੰ ਸਾਰਿਆਂ ਨੂੰ ਸਮੂਹਿਕ ਤੌਰ ’ਤੇ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਕਿ ਵੱਖ-ਵੱਖ ਸਮੇਂ ’ਤੇ ਸਰਕਾਰੀ ਸਹਾਇਤਾ ਨਾਲ ਬਣਾਈ ਗਈ ਬਹੁਤ ਵੱਡੀ ਉਤਪਾਦਨ ਸਮਰੱਥਾ ਵਾਲੇ ਕੁਝ ਖੇਤਰਾਂ ਨੂੰ ਉਨ੍ਹਾਂ ਦੇਸ਼ਾਂ ਵਿੱਚ ਉਤਪਾਦਨ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਜਿੱਥੇ ਨਿਰਪੱਖ ਵਪਾਰ ਅਤੇ ਇਮਾਨਦਾਰ ਵਪਾਰਕ ਅਭਿਆਸ ਕੀਤੇ ਜਾਂਦੇ ਹਨ, ਜਿਵੇਂ ਅਮਰੀਕਾ ਜਾਂ ਯੂਰੋਪ ਜਾਂ ਭਾਰਤ।’’
ਅਮਰੀਕੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ
ਨਵੀਂ ਦਿੱਲੀ: ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਈ ਅਮਰੀਕੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਅਤੇ ਭਾਰਤ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਚਰਚਾ ਕੀਤੀ। ਮੰਤਰੀ 5 ਅਕਤੂਬਰ ਤੱਕ ਅਮਰੀਕਾ ਵਿੱਚ ਹਨ। ਉਨ੍ਹਾਂ ‘ਟਾਰਗੇਟ’ ਦੇ ਕਾਰਜਕਾਰੀ ਮੀਤ ਪ੍ਰਧਾਨ ਅਤੇ ਚੀਫ ਲੀਗਲ ਐਂਡ ਕੰਪਲਾਇੰਸ ਅਫਸਰ ਗਰਾਂਟ ਮੈਕਗੀ ਨਾਲ ਮੀਟਿੰਗਾਂ ਕੀਤੀਆਂ। ਇਹ ਕੰਪਨੀ ਪ੍ਰਮੁੱਖ ਅਮਰੀਕੀ ਰਿਟੇਲਰ ਹੈ। ਉਨ੍ਹਾਂ ਮੋਂਡੇਲਿਜ਼ ਇੰਟਰਨੈਸ਼ਨਲ ਦੇ ਕਾਰਜਕਾਰੀ ਮੀਤ ਪ੍ਰਧਾਨ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਬਨਾਤੀ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਕਈ ਚਾਕਲੇਟ ਅਤੇ ਬਿਸਕੁਟ ਬਰਾਂਡਾਂ ਦੀ ਮਾਲਕ ਕੰਪਨੀ ਹੈ। -ਪੀਟੀਆਈ

