ਸ੍ਰੀਨਗਰ, 18 ਅਕਤੂਬਰ
ਕਸ਼ਮੀਰ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੋਂ ਸਹਿਮੇ ਗ਼ੈਰ-ਕਸ਼ਮੀਰੀ ਮਜ਼ਦੂਰਾਂ ਨੇ ਘਰਾਂ ਨੂੰ ਪਰਤਣਾ ਆਰੰਭ ਦਿੱਤਾ ਹੈ। ਡਰੇ ਹੋਏ ਪਰਵਾਸੀ ਵਰਕਰ ਕਾਹਲੀ ਵਿਚ ਵਾਦੀ ਨੂੰ ਛੱਡ ਰਹੇ ਹਨ। ਸੋਮਵਾਰ ਪਰਵਾਸੀ ਮਜ਼ਦੂਰਾਂ ਦਾ ਇਕ ਗਰੁੱਪ ਸ੍ਰੀਨਗਰ ਰੇਲਵੇ ਸਟੇਸ਼ਨ ਉਤੇ ਇਕੱਠਾ ਹੋਇਆ ਤੇ ਉਹ ਆਪਣੇ ਜੱਦੀ ਪਿੰਡਾਂ-ਸ਼ਹਿਰਾਂ ਨੂੰ ਪਰਤ ਰਹੇ ਸਨ। ਇਸ ਦੌਰਾਨ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਗ਼ੈਰ ਕਸ਼ਮੀਰੀ ਪਰਵਾਸੀਆਂ ਨੂੰ ਵਾਦੀ ’ਚੋਂ ਵਾਪਸ ਨਾ ਜਾਣ ਦੀ ਅਪੀਲ ਕੀਤੀ ਹੈ।
ਬਿਹਾਰ ਦੇ ਭਾਗਲਪੁਰ ਨਾਲ ਸਬੰਧਤ 60 ਸਾਲਾ ਦਿਨੇਸ਼ ਮੰਡਲ ਨੇ ਕਸ਼ਮੀਰ ਛੱਡਣ ਦਾ ਫ਼ੈਸਲਾ ਕੀਤਾ ਹੈ। ਉਹ ਪਿਛਲੇ 40 ਸਾਲਾਂ ਤੋਂ ਆਈਸ ਕਰੀਮ ਵੇਚਣ ਲਈ ਕਸ਼ਮੀਰ ਆਉਂਦਾ ਰਿਹਾ ਹੈ। ਉਸ ਨੇ ਕਿਹਾ ‘ਸਥਿਤੀ ਬਹੁਤ ਮਾੜੀ ਹੈ। ਸੂਬੇ ਤੋਂ ਬਾਹਰਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੇੜ੍ਹੀਆਂ ਵਾਲਿਆਂ ਤੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਹੈ। ਅਸੀਂ ਅਜਿਹੀਆਂ ਹਾਲਤਾਂ ਵਿਚ ਕਸ਼ਮੀਰ ਵਿਚ ਨਹੀਂ ਰੁਕ ਸਕਦੇ।’ ਆਈਸ ਕਰੀਮ ਵੇਚਣ ਵਾਲੇ ਇਕ ਹੋਰ ਸਤੀਸ਼ ਕੁਮਾਰ ਨੇ ਕਿਹਾ ਕਿ ਹਰ ਕੋਈ ਡਰਿਆ ਹੋਇਆ ਹੈ। ਪਹਿਲਾਂ ਰੇੜ੍ਹੀਆਂ ਵਾਲਿਆਂ ਨੂੰ ਸੜਕਾਂ ਉਤੇ ਨਿਸ਼ਾਨਾ ਬਣਾਇਆ ਜਾਂਦਾ ਸੀ ਪਰ ਹੁਣ ਲੋਕਾਂ ਨੂੰ ਘਰਾਂ ਵਿਚ ਵੜ ਕੇ ਮਾਰਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਕੁਲਗਾਮ ਵਿਚ ਹੋਈਆਂ ਹੱਤਿਆਵਾਂ ਤੋਂ ਬਾਅਦ ਉਨ੍ਹਾਂ ਵਾਪਸ ਜਾਣ ਦਾ ਫ਼ੈਸਲਾ ਕੀਤਾ ਹੈ। ਸਤੀਸ਼ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਉਨ੍ਹਾਂ ਨੂੰ ਰੁਕਣ ਲਈ ਤੇ ਨਾ ਜਾਣ ਲਈ ਕਹਿ ਰਹੇ ਹਨ, ਪਰ ਜਦ ਘਰਾਂ ਵਿਚ ਵੀ ਮਾਰੇ ਜਾਣ ਦਾ ਡਰ ਹੋਵੇ ਤਾਂ ਕਿਵੇਂ ਰੁਕਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਜਦ ਸਥਿਤੀ ਸੁਧਰੇਗੀ ਤਾਂ ਉਹ ਮੁੜਨ ਬਾਰੇ ਸੋਚਣਗੇ। ਉਨ੍ਹਾਂ ਕਿਹਾ ਕਿ ਪਿੱਛੇ ਪਰਿਵਾਰ ਵੀ ਫ਼ਿਕਰਮੰਦ ਹਨ ਤੇ ਮੁੜਨ ਲਈ ਕਹਿ ਰਹੇ ਹਨ। ਹਾਲਾਂਕਿ ਕਈ ਪਰਵਾਸੀ ਮਜ਼ਦੂਰਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਡਰੇ ਤਾਂ ਜ਼ਰੂਰ ਹੋਏ ਹਨ, ਪਰ ਕਸ਼ਮੀਰ ਨਹੀਂ ਛੱਡਣਗੇ ਕਿਉਂਕਿ ਲੋਕ ਚੰਗੇ ਹਨ ਤੇ ਪੈਸੇ ਵੀ ਵਧੀਆ ਮਿਲਦੇ ਹਨ। ਮਾਰਚ ਦੇ ਸ਼ੁਰੂ ਵਿਚ ਹਰ ਸਾਲ ਵੱਡੀ ਗਿਣਤੀ ਪਰਵਾਸੀ ਮਜ਼ਦੂਰ ਮੁਲਕ ਦੇ ਕਈ ਹਿੱਸਿਆਂ ਤੋਂ ਕਸ਼ਮੀਰ ਆਉਂਦੇ ਹਨ। ਉਹ ਇੱਥੇ ਕਈ ਤਰ੍ਹਾਂ ਦੇ ਕੰਮ ਜਿਵੇਂ ਮੈਸਨ, ਕਾਰਪੇਂਟਰ, ਵੈਲਡਿੰਗ ਤੇ ਖੇਤੀਬਾੜੀ ਵਿਚ ਮਦਦ ਕਰਦੇ ਹਨ। ਨਵੰਬਰ ਵਿਚ ਸਰਦੀ ਸ਼ੁਰੂ ਹੋਣ ਉਤੇ ਪਰਤ ਜਾਂਦੇ ਹਨ। ਬਿਹਾਰ ਦੇ 45 ਸਾਲਾ ਮਜ਼ਦੂਰ ਸ਼ੰਕਰ ਨਾਰਾਇਣ ਨੇ ਕਿਹਾ ਕਿ ਉਹ ਹਰ ਵਾਰ ਦੀ ਤਰ੍ਹਾਂ ਨਵੰਬਰ ਵਿਚ ਹੀ ਵਾਪਸ ਜਾਣਗੇ। ਬਿਹਾਰ ਦੇ ਸੰਜੈ ਕੁਮਾਰ ਦਾ ਵੀ ਇਹੀ ਕਹਿਣਾ ਸੀ। ਨਾਰਾਇਣ ਨੇ ਕਿਹਾ ਕਿ ਉਹ 15 ਸਾਲਾਂ ਤੋਂ ਕਸ਼ਮੀਰ ਆ ਰਿਹਾ ਹੈ ਤੇ ਕਦੇ ਕੋਈ ਮੁਸ਼ਕਲ ਨਹੀਂ ਆਈ। ਉਸ ਨੇ ਕਿਹਾ ਕਿ ਲੌਕਡਾਊਨ ਦੌਰਾਨ ਵੀ ਸਾਡਾ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ। -ਪੀਟੀਆਈ/ਆਈਏਐਨਐੱਸ
‘ਡਰ ਦਾ ਮਾਹੌਲ’ ਬਣਾਇਆ ਜਾ ਰਿਹੈ: ਨਿਤੀਸ਼
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ ਕਸ਼ਮੀਰ ਵਿਚ ਬਿਹਾਰੀ ਕਾਮਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਡਰ ਦਾ ਮਾਹੌਲ’ ਬਣਾਇਆ ਜਾ ਰਿਹਾ ਹੈ। ਕੁਮਾਰ ਨੇ ਕਿਹਾ ਕਿ ਉਨ੍ਹਾਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਨਾਲ ਗੱਲਬਾਤ ਕੀਤੀ ਹੈ ਤੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।