ਚੂੜਧਾਰ ਚੋਟੀ ’ਤੇ ਰਸਤਾ ਭੁੱਲੇ ਪੰਜਾਬ-ਹਰਿਆਣਾ ਦੇ ਚਾਰ ਸ਼ਰਧਾਲੂ; ਜੰਗਲ ਵਿੱਚੋਂ ਸੁਰੱਖਿਅਤ ਬਚਾਏ
ਸ਼ਿਮਲਾ ਪੁਲੀਸ ਨੇ ਹਨ੍ਹੇਰੇ ਅਤੇ ਔਖੇ ਰਾਹਾਂ ਦੀ ਪਰਵਾਹ ਨਾ ਕਰਦਿਆਂ ਸਾਰੀ ਰਾਤ ਚਲਾਇਆ ਸਰਚ ਅਪਰੇਸ਼ਨ
ਚੂੜਧਾਰ ਚੋਟੀ ਤੋਂ ਵਾਪਸ ਪਰਤਦੇ ਸਮੇਂ ਜੰਗਲਾਂ ਵਿੱਚ ਰਸਤਾ ਭੁੱਲ ਜਾਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਚਾਰ ਸ਼ਰਧਾਲੂਆਂ ਨੂੰ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਇਲਾਕੇ ਵਿੱਚੋਂ ਸੁਰੱਖਿਅਤ ਬਚਾ ਲਿਆ ਗਿਆ ਹੈ।
ਬਚਾਏ ਗਏ ਵਿਅਕਤੀਆਂ ਵਿੱਚ ਰਾਹੁਲ (22) ਅਤੇ ਸੰਕੇਤ (21), ਦੋਵੇਂ ਮੁਹਾਲੀ (ਪੰਜਾਬ) ਦੇ ਰਹਿਣ ਵਾਲੇ ਹਨ, ਜਦੋਂ ਕਿ ਰਾਹੁਲ (26) ਅਤੇ ਉਸ ਦੀ ਪਤਨੀ ਮਧੂ (24) ਕਰਨਾਲ (ਹਰਿਆਣਾ) ਦੇ ਰਹਿਣ ਵਾਲੇ ਹਨ।
ਪੁਲੀਸ ਅਨੁਸਾਰ, ਐਤਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਚੂੜਧਾਰ ਤੋਂ ਵਾਪਸ ਆ ਰਹੇ ਕੁਝ ਸ਼ਰਧਾਲੂ ਜੰਗਲ ਵਿੱਚ ਰਸਤਾ ਭੁੱਲ ਗਏ ਹਨ ਅਤੇ ਆਪਣੀ ਸਥਿਤੀ ਦਾ ਪਤਾ ਨਹੀਂ ਲਗਾ ਸਕਦੇ। ਇਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਜੰਗਲ ਵਿੱਚ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਕੁਝ ਘੰਟਿਆਂ ਬਾਅਦ, ਪੁਲੀਸ ਟੀਮ ਨੇ ਅੱਧੀ ਰਾਤ ਨੂੰ ਪਾਤਲ ਖੱਡ ਇਲਾਕੇ ਦੇ ਕੋਲੋਂ ਦੋ ਨੌਜਵਾਨਾਂ ਨੂੰ ਸੁਰੱਖਿਅਤ ਬਚਾ ਲਿਆ।
ਪੁਲੀਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਇੱਕ ਜੋੜਾ ਵੀ ਰਸਤਾ ਭੁੱਲ ਗਿਆ ਹੈ। ਇਸ ਤੋਂ ਬਾਅਦ ਪੁਲੀਸ ਨੇ ਆਪਣੀ ਮੁਹਿੰਮ ਜਾਰੀ ਰੱਖੀ ਅਤੇ ਜੰਗਲ ਵਿੱਚੋਂ ਉਸ ਜੋੜੇ ਨੂੰ ਵੀ ਲੱਭ ਲਿਆ।
ਸ਼ਿਮਲਾ ਦੇ ਸੀਨੀਅਰ ਪੁਲੀਸ ਕਪਤਾਨ (ਐੱਸ.ਐੱਸ.ਪੀ.) ਗੌਰਵ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਨੇ ਚਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਔਖੇ ਇਲਾਕੇ ਅਤੇ ਹਨ੍ਹੇਰੇ ਦੇ ਬਾਵਜੂਦ ਪੁਲੀਸ ਟੀਮ ਨੇ ਸਾਰੀ ਰਾਤ ਤਲਾਸ਼ੀ ਮੁਹਿੰਮ ਜਾਰੀ ਰੱਖੀ ਅਤੇ ਲਾਪਤਾ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਸਫ਼ਲਤਾ ਹਾਸਲ ਕੀਤੀ।

