ਬੱਸ ਅਤੇ ਕਾਰ ਦੀ ਟੱਕਰ ਵਿੱਚ ਪਰਿਵਾਰ ਦੇ ਚਾਰ ਜੀਅ ਹਲਾਕ
ਹਿਮਾਚਲ ਪ੍ਰਦੇਸ਼ ਤੋਂ ਅੰਮ੍ਰਿਤਸਰ ਹਵਾਈ ਅੱਡੇ ਜਾ ਰਿਹਾ ਸੀ ਪਰਿਵਾਰ; ਇੱਕ ਜ਼ਖ਼ਮੀ
ਹੁਸ਼ਿਆਰਪੁਰ-ਦਸੂਹਾ ਸੜਕ ’ਤੇ ਅੱਡਾ ਦੋਸੜਕਾ ਵਿਖੇ ਅੱਜ ਤੜਕੇ ਹਾਦਸੇ ਵਿਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪਿੰਡ ਚਲੇਟ ਤੋਂ 5 ਜਣੇ ਆਈ-20 ਕਾਰ ’ਚ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਜਾ ਰਹੇ ਸਨ। ਉਹ ਢੋਲਬਾਹਾ ਵਾਲੀ ਸੜਕ ਤੋਂ ਮੁੱਖ ਸੜਕ ’ਤੇ ਪਹੁੰਚੇ ਤਾਂ ਦਸੂਹਾ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਕਾਰ ਦੀ ਟੱਕਰ ਹੋ ਗਈ। ਕਾਰ ’ਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ, ਸੁਸ਼ੀਲ ਕੁਮਾਰ, ਬ੍ਰਿਜ ਕੁਮਾਰ ਅਤੇ ਅਰੁਣ ਕੁਮਾਰ ਵਜੋਂ ਹੋਈ ਹੈ। ਕਾਰ ਸਵਾਰ ਅਮ੍ਰਿਤ ਕੁਮਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਭੂੰਗਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਜ਼ਬਤ ਕਰ ਲਈ ਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ। ਬੱਸ ਦੀਆਂ ਸਵਾਰੀਆਂ ਨੂੰ ਦੂਜੀਆਂ ਬੱਸਾਂ ਰਾਹੀਂ ਰਵਾਨਾ ਕਰ ਦਿੱਤਾ ਗਿਆ। ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖੀਆਂ ਗਈਆਂ ਹਨ। ਜ਼ਖਮੀ ਅਮ੍ਰਿਤ ਕੁਮਾਰ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣਾ ਸੀ, ਜਿਸ ਕਾਰਨ ਪਰਿਵਾਰ ਉਸ ਨੂੰ ਛੱਡਣ ਅੰਮ੍ਰਿਤਸਰ ਏਅਰਪੋਰਟ ਜਾ ਰਿਹਾ ਸੀ।ਜਾ ਰਹੇ ਸੀ। ਗੱਡੀ ਉਸ ਦਾ ਚਾਚਾ ਸੁਖਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਉਹ ਨਾਲ ਦੀ ਸੀਟ ’ਤੇ ਬੈਠਾ ਸੀ। ਉਸ ਨੂੰ ਨਹੀਂ ਪਤਾ ਕਿ ਹਾਦਸਾ ਕਿਵੇਂ ਵਾਪਰਿਆ ਕਿਉਂਕਿ ਉਸ ਦੀ ਅੱਖ ਲੱਗ ਗਈ ਸੀ। ਭੂੰਗਾ ਚੌਕੀ ਦੇ ਏ ਐੱਸ ਆਈ ਗੁਰਮੀਤ ਘੁੰਮਣ ਨੇ ਦੱਸਿਆ ਕਿ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

