ਮੁਰਸ਼ਿਦਾਬਾਦ ਵਿੱਚ ‘ਬਾਬਰੀ’ ਮਸਜਿਦ ਦੀ ਨੀਂਹ ਰੱਖੀ
ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ ਨੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਰੇਜੀਨਗਰ ’ਚ ਅਯੁੱਧਿਆ ਦੀ ਬਾਬਰੀ ਮਜਸਿਦ ਦੇ ਮਾਡਲ ’ਤੇ ਆਧਾਰਿਤ ਮਜਸਿਦ ਦੀ ਨੀਂਹ ਰੱਖੀ। ਪੱਛਮੀ ਬੰਗਾਲ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਹੁਮਾਯੂੰ ਕਬੀਰ ਨੇ ਮੌਲਵੀਆਂ ਨਾਲ ਰੇਜੀਨਗਰ ’ਚ ਮੰਚ ਤੋਂ ਰਸਮੀ ਫੀਤਾ ਕੱਟਿਆ। ਅਸਲ ਮਜਸਿਦ ਵਾਲੀ ਥਾਂ ਸਮਾਗਮ ਵਾਲੀ ਥਾਂ ਤੋਂ ਕਿਲੋਮੀਟਰ ਦੂਰ ਸੀ। ਇਹ ਸਮਾਗਮ ਛੇ ਦਸੰਬਰ ਲਈ ਤੈਅ ਕੀਤਾ ਗਿਆ ਸੀ ਕਿਉਂਕਿ 1992 ’ਚ ਇਸੇ ਦਿਨ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਬਾਬਰੀ ਮਜਸਿਦ ਢਾਹ ਦਿੱਤੀ ਗਈ ਸੀ। ਇਸ ਮੌਕੇ ਉਨ੍ਹਾਂ ਕਿਹਾ, ‘‘ਮੈਂ ਕੁਝ ਵੀ ਗ਼ੈਰ-ਸੰਵਿਧਾਨਕ ਨਹੀਂ ਕਰ ਰਿਹਾ। ਇਬਾਦਤ ਵਾਲੀ ਥਾਂ ਬਣਾਉਣਾ ਸੰਵਿਧਾਨਕ ਹੱਕ ਹੈ। ਬਾਬਰੀ ਮਜਸਿਦ ਜ਼ਰੂਰ ਬਣੇਗੀ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਪ੍ਰਾਜੈਕਟ ਨੂੰ ਕਿਸੇ ਵੀ ਵਿੱਤੀ ਅੜਿੱਕੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਜਸਿਦ ਕੰਪਲੈਕਸ ’ਚ ਹਸਪਤਾਲ, ਮੈਡੀਕਲ ਕਾਲਜ, ਯੂਨੀਵਰਸਿਟੀ, ਹੋਟਲ ਤੇ ਹੈਲੀਪੈਡ ਵੀ ਹੋਵੇਗਾ।
ਫਿਰਕੂ ਤਾਕਤਾਂ ਖ਼ਿਲਾਫ਼ ਲੜਾਈ ਜਾਰੀ ਰਹੇਗੀ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨਫਰਤ ਫੈਲਾਉਣ ਵਾਲੀਆਂ ਫਿਰਕੂ ਤਾਕਤਾਂ ਖ਼ਿਲਾਫ਼ ਲੜਾਈ ਜਾਰੀ ਰਹੇਗੀ। ਉਨ੍ਹਾਂ ਦੀ ਸਰਕਾਰ ਦੇਸ਼ ਦੇ ਸੰਵਿਧਾਨਕ ਆਦਰਸ਼ਾਂ ਤੇ ਸਿੱਧਾਂਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਇਸੇ ਦੌਰਾਨ ਧਾਰਮਿਕ ਪਛਾਣ ਦੇ ਆਧਾਰ ’ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਖ਼ਿਲਾਫ਼ ਸੈਂਕੜੇ ਕਾਂਗਰਸ ਵਰਕਰਾਂ ਤੇ ਹਮਾਇਤੀਆਂ ਨੇ ਕੋਲਕਾਤਾ ’ਚ ਸਦਭਾਵਨਾ ਰੈਲੀ ਕੀਤੀ ਅਤੇ ਲੋਕਾਂ ਨੂੰ 6 ਦਸੰਬਰ 1992 ਨੂੰ ਬਾਬਰੀ ਮਜਸਿਦ ਢਾਹੇ ਜਾਣ ਤੋਂ ਬਾਅਦ ਦੇ ਦਿਨ ਵਾਪਸ ਨਾ ਲਿਆਉਣ ਦੀ ਅਪੀਲ ਕੀਤੀ।
