ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਤੇ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ ਜਗਮੋਹਨ ਦਾ ਅੱਜ ਕੌਮੀ ਰਾਜਧਾਨੀ ਦਿੱਲੀ ’ਚ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਭਾਰਤੀ ਪ੍ਰਸ਼ਾਸਨਿਕ ਸੇਵਾ ਅਧਕਾਰੀ ਜਗਮੋਹਨ ਦਿੱਲੀ ਅਤੇ ਗੋਆ ਦੇ ਉੱਪ ਰਾਜਪਾਲ ਵੀ ਰਹੇ। ਜਗਮੋਹਨ ਨੇ ਬਤੌਰ ਨੌਕਰਸ਼ਾਹ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਵਾਜਪਾਈ ਸਰਕਾਰ ਸਮੇਂ ਉਹ ਕੇਂਦਰੀ ਸੰਚਾਰ, ਸ਼ਹਿਰੀ ਵਿਕਾਸ, ਸੈਰ-ਸਪਾਟਾ ਤੇ ਸੱਭਿਆਚਾਰ ਮੰਤਰੀ ਵੀ ਰਹੇ।
ਉਨ੍ਹਾਂ ਨੂੰ ਸਾਲ 1971 ’ਚ ਪਦਮਸ੍ਰੀ, 1977 ’ਚ ਪਦਮ ਭੂਸ਼ਨ ਤੇ 2016 ’ਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਅਹਿਮ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। -ਪੀਟੀਆਈ