Bihar ਦੁਲਾਰ ਚੰਦ ਹੱਤਿਆ ਕਾਂਡ ’ਚ ਸਾਬਕਾ ਵਿਧਾਇਕ ਅਨੰਤ ਸਿੰਘ ਤੇ ਦੋ ਹੋਰ ਗ੍ਰਿਫ਼ਤਾਰ
ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਵੱਲੋਂ ਮੋਕਾਮਾ ਸੀਟ ਤੋਂ ਮੁੜ ਚੋਣ ਲੜ ਰਹੇ ਬਿਹਾਰ ਦੇ ਸਾਬਕਾ ਵਿਧਾਇਕ ਅਨੰਤ ਸਿੰਘ ਨੂੰ ਸ਼ਨਿਚਰਵਾਰ ਦੇਰ ਰਾਤ ਪੁਲੀਸ ਨੇ ਜਨ ਸੁਰਾਜ ਪਾਰਟੀ ਦੇ ਸਮਰਥਕ ਦੁਲਾਰ ਚੰਦ ਯਾਦਵ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਸਿੰਘ, ਜੋ ਯਾਦਵ ਦੀ ਹੱਤਿਆ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਹੈ, ਨੂੰ ਰਾਜਧਾਨੀ ਪਟਨਾ ਤੋਂ ਕਰੀਬ 200 ਕਿਲੋਮੀਟਰ ਦੂਰ ਬਾਰਹ ਵਿੱਚ ਉਸ ਦੇ ਘਰ ਤੋਂ ਚੁੱਕਿਆ ਗਿਆ। ਪੁਲੀਸ ਨੇ ਦੋ ਹੋਰ ਵਿਅਕਤੀਆਂ ਮਣੀਕਾਂਤ ਠਾਕੁਰ ਅਤੇ ਰਣਜੀਤ ਰਾਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਘਟਨਾ ਵਾਪਰਨ ਵੇਲੇ ਮੌਜੂਦ ਸਨ। ਤਿੰਨਾਂ ਨੂੰ ਜਲਦੀ ਹੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ।
ਵੀਰਵਾਰ ਨੂੰ ਪਟਨਾ ਦੇ ਮੋਕਾਮਾ ਇਲਾਕੇ ਵਿੱਚ ਜਨ ਸੁਰਾਜ ਪਾਰਟੀ ਦੇ ਉਮੀਦਵਾਰ ਪਿਊਸ਼ ਪ੍ਰਿਯਦਰਸ਼ੀ ਲਈ ਚੋਣ ਪ੍ਰਚਾਰ ਕਰਦੇ ਸਮੇਂ ਯਾਦਵ ਦੀ ਮੌਤ ਹੋ ਗਈ ਸੀ। ਇਹ ਘਟਨਾ ਮੋਕਾਮਾ ਇਲਾਕੇ ਦੇ ਭਦੌੜ ਅਤੇ ਘੋਸਵਰੀ ਪੁਲੀਸ ਥਾਣਿਆਂ ਦੇ ਨੇੜੇ ਵਾਪਰੀ ਸੀ। ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਤਿਆਗਰਾਜਨ ਐਸਐਮ ਨਾਲ ਦੇਰ ਰਾਤ ਹੋਈ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਟਨਾ ਦੇ ਐੱਸਐੱਸਪੀ ਕਾਰਤੀਕੇ ਸ਼ਰਮਾ ਨੇ ਕਿਹਾ, “ਪੁਲੀਸ ਨੇ ਦੁਲਾਰ ਚੰਦ ਯਾਦਵ ਦੀ ਹੱਤਿਆ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ - ਅਨੰਤ ਸਿੰਘ, ਮਣੀਕਾਂਤ ਠਾਕੁਰ ਅਤੇ ਰਣਜੀਤ ਰਾਮ- ਨੂੰ ਗ੍ਰਿਫ਼ਤਾਰ ਕੀਤਾ ਹੈ।” ਐੱਸਐੱਸਪੀ ਨੇ ਕਿਹਾ ਕਿ ਯਾਦਵ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ, ਉਸ ਦੀ ਮੌਤ ਦਿਲ ਅਤੇ ਫੇਫੜਿਆਂ ਵਿੱਚ ਇੱਕ ਸਖ਼ਤ ਚੀਜ਼ ਨਾਲ ਸੱਟ ਲੱਗਣ ਕਾਰਨ ਹੋਈ ਹੈ। ਪੋਸਟਮਾਰਟਮ ਰਿਪੋਰਟ ਅਤੇ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਕਤਲ ਦਾ ਮਾਮਲਾ ਹੈ। ਐੱਸਐੱਸਪੀ ਨੇ ਕਿਹਾ ਕਿ ਕੁੱਲ ਮਿਲਾ ਕੇ ਚਾਰ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਇਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਹੈ। ਇਕ ਐੱਫਆਈਆਰ ਵਿਚ ਸਿੰਘ ਦਾ ਨਾਮ ਵੀ ਸ਼ਾਮਲ ਹੈ। ਬਿਹਾਰ ਵਿਚ ਦੋ ਗੇੜਾਂ ਤਹਿਤ 6 ਤੇ 11 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਜਦੋਂਕਿ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
