ਸਾਬਕਾ ਏਅਰ ਮਾਰਸ਼ਲ Jeetendra Mishra ਬਣੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪਹਿਲੇ CEO
ਗੋਵਿੰਦ ਦੇਵ ਗਿਰੀ ਨੂੰ ਟਰੱਸਟ ਦਾ ਜਨਰਲ ਸਕੱਤਰ ਅਤੇ ਨਵ-ਨਿਯੁਕਤ ਟਰੱਸਟੀ ਮਹੇਸ਼ ਭਾਗਚੰਦਕਾ ਨੂੰ ਖਜ਼ਾਨਚੀ ਬਣਾਇਆ
ਏਅਰ ਮਾਰਸ਼ਲ (ਸੇਵਾਮੁਕਤ) ਜਤਿੰਦਰ ਮਿਸ਼ਰਾ ਨੂੰ ਅਯੁੱਧਿਆ ਦੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਨਿਯੁਕਤ ਕੀਤਾ ਗਿਆ ਹੈ। ਇੱਕ ਅਹੁਦੇਦਾਰ ਨੇ ਇਹ ਜਾਣਕਾਰੀ ਦਿੱਤੀ।
ਅਹੁਦੇਦਾਰ ਨੇ ਦੱਸਿਆ ਕਿ ਗੋਵਿੰਦ ਦੇਵ ਗਿਰੀ ਨੂੰ ਟਰੱਸਟ ਦਾ ਜਨਰਲ ਸਕੱਤਰ ਅਤੇ ਨਵ-ਨਿਯੁਕਤ ਟਰੱਸਟੀ ਮਹੇਸ਼ ਭਾਗਚੰਦਕਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਾਮ ਮੰਦਰ ਵਿੱਚ ਕਥਿਤ ਚੜ੍ਹਾਵਾ ਚੋਰੀ ਦੇ ਮਾਮਲੇ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੋਈ ਟਰੱਸਟ ਦੀ ਤੀਜੀ ਮੀਟਿੰਗ ਵਿੱਚ ਇਨ੍ਹਾਂ ਨਾਵਾਂ 'ਤੇ ਮੋਹਰ ਲਗਾਈ ਗਈ।
ਟਰੱਸਟ ਦੇ ਅੰਤਰਿਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਸੀ ਈ ਓ ਦੇ ਅਹੁਦੇ ਲਈ 5,585 ਅਰਜ਼ੀਆਂ ਵਿੱਚੋਂ ਚੁਣੇ ਗਏ ਤਿੰਨ ਉਮੀਦਵਾਰਾਂ ਵਿੱਚੋਂ ਜਤਿੰਦਰ ਮਿਸ਼ਰਾ ਨੂੰ ਇਸ ਅਹੁਦੇ ਲਈ ਚੁਣਿਆ ਗਿਆ।
6 ਜੁਲਾਈ ਨੂੰ ਟਰੱਸਟ ਦੇ ਅੰਤਰਿਮ ਜਨਰਲ ਸਕੱਤਰ ਬਣਾਏ ਗਏ ਮੋਹਨ ਨੇ ਦੱਸਿਆ ਕਿ ਹੁਣ ਨਿਯਮਤ ਜਨਰਲ ਸਕੱਤਰ ਦੇ ਅਹੁਦੇ 'ਤੇ ਟਰੱਸਟ ਦੇ ਖਜ਼ਾਨਚੀ ਰਹੇ ਗੋਵਿੰਦ ਦੇਵ ਗਿਰੀ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਖਜ਼ਾਨਚੀ ਦੀ ਜ਼ਿੰਮੇਵਾਰੀ ਨਵ-ਨਿਯੁਕਤ ਟਰੱਸਟੀ ਮਹੇਸ਼ ਭਾਗਚੰਦਕਾ ਸੰਭਾਲਣਗੇ।
ਨਵ-ਨਿਯੁਕਤ ਜਨਰਲ ਸਕੱਤਰ ਗਿਰੀ ਨੇ ਦੱਸਿਆ ਕਿ ਸੀ ਈ ਓ ਦੇ ਕੰਮਕਾਜ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਆਉਣ ਵਾਲੇ ਦਿਨਾਂ ਵਿੱਚ ਤਿਆਰ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦਾ ਵੇਰਵਾ ਹੋਵੇਗਾ।
ਮੋਹਨ ਨੇ ਦੱਸਿਆ ਕਿ ਮੀਟਿੰਗ ਵਿੱਚ ਅਯੁੱਧਿਆ ਦੇ ਮਦਨ ਮੋਹਨ ਪਾਂਡੇ, ਦਿੱਲੀ ਦੇ ਮਹੇਸ਼ ਭਾਗਚੰਦਕਾ ਅਤੇ ਸ਼ਿਕੋਹਾਬਾਦ ਦੀ ਡਾਕਟਰ ਨਿਰਮਲਾ ਯਾਦਵ ਨੂੰ ਟਰੱਸਟ ਵਿੱਚ ਨਵੇਂ ਟਰੱਸਟੀ ਵਜੋਂ ਸ਼ਾਮਲ ਕਰਨ ਦਾ ਫ਼ੈਸਲਾ ਵੀ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਅੰਦਰੂਨੀ ਆਡਿਟ ਦੇ ਲੇਖੇ ਪੇਸ਼ ਕੀਤੇ ਗਏ, ਜਿਸ ਅਨੁਸਾਰ ਵਿੱਤੀ ਸਾਲ 2025-26 ਵਿੱਚ 237 ਕਰੋੜ ਰੁਪਏ ਦੀ ਆਮਦਨ ਹੋਈ ਅਤੇ 91 ਕਰੋੜ ਰੁਪਏ ਖ਼ਰਚੇ ਆਏ ਹਨ। ਇਸ ਤੋਂ ਇਲਾਵਾ, ਨਿਰਮਾਣ ਕਾਰਜਾਂ ਉੱਤੇ 425 ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕੀਤਾ ਗਿਆ ਹੈ ਅਤੇ 31 ਮਾਰਚ 2026 ਤੱਕ ਟਰੱਸਟ ਕੋਲ ਕੁੱਲ ਉਪਲਬਧ ਫੰਡ 1882 ਕਰੋੜ ਰੁਪਏ ਸਨ।

