ਇਟਲੀ ਦੀ PM Giorgia Meloni ਉੱਤੇ ਟਿੱਪਣੀ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਸਾਹਮਣੇ
ਕੂਟਨੀਤਕ ਵਿਵਹਾਰ ਤਹਿਤ ਆਪਸੀ ਸਤਿਕਾਰ ਬਣਾਈ ਰੱਖਣਾ ਜ਼ਰੂਰੀ: ਰਣਧੀਰ ਜੈਸਵਾਲ
ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਟਲੀ ਨਾਲ ਉਸ ਦੇ ਮਜ਼ਬੂਤ ਸੰਬੰਧ ਹਨ। ਇਹ ਬਿਆਨ ਕਾਂਗਰਸ ਆਗੂ ਵੱਲੋਂ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ 'ਤੇ ਕੀਤੀ ਗਈ ਰਾਜਨੀਤਿਕ ਟਿੱਪਣੀ ਕਾਰਨ ਵਿਵਾਦ ਪੈਦਾ ਹੋਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਮੀਡੀਆ ਬ੍ਰੀਫਿੰਗ ਵਿੱਚ ਇਹ ਗੱਲ ਕਹੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ ਨੀਤੀ ਨੂੰ ਸੰਭਾਲਣ ਦੇ ਤਰੀਕੇ ਬਾਰੇ ਰਾਹੁਲ ਗਾਂਧੀ ਦੀ ਆਲੋਚਨਾ ਅਤੇ ਉਸ ਤੋਂ ਬਾਅਦ ਕਾਂਗਰਸ ਨੇਤਾ ਸੰਦੀਪ ਦੀਕਸ਼ਤ ਦੀਆਂ ਟਿੱਪਣੀਆਂ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।
ਜੈਸਵਾਲ ਨੇ ਕਿਹਾ, "ਸਾਡੇ ਇਟਲੀ ਨਾਲ ਮਜ਼ਬੂਤ ਸਬੰਧ ਹਨ। ਹਾਲ ਹੀ ਦੇ ਸਾਲਾਂ ਵਿੱਚ ਇਟਲੀ ਨਾਲ ਸਾਡੇ ਸਬੰਧਾਂ ਦਾ ਵਿਸਤਾਰ ਅਤੇ ਮਜ਼ਬੂਤੀ ਹੋਈ ਹੈ। ਕੂਟਨੀਤਕ ਵਿਵਹਾਰ ਦੇ ਹਿੱਸੇ ਵਜੋਂ ਇਹ ਮਹੱਤਵਪੂਰਨ ਹੈ ਕਿ ਅਸੀਂ ਇੱਕ-ਦੂਜੇ ਦਾ ਸਤਿਕਾਰ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰੀਏ।"
ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਇੱਕ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੌਰਾਨ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ ਨੀਤੀ ਨੂੰ ਸੰਭਾਲਣ ਦੇ ਤਰੀਕੇ ਦਾ ਮਜ਼ਾਕ ਉਡਾਇਆ ਸੀ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਮੋਦੀ ਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਇਹ ਗੱਲ ਬੈਠ ਗਈ ਹੈ ਕਿ ਵਿਦੇਸ਼ ਨੀਤੀ ਦਾ ਮਤਲਬ ਸਿਰਫ਼ ਨੇਤਾਵਾਂ ਨੂੰ ਗਲ਼ੇ ਲਗਾਉਣਾ ਹੈ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸੰਦੀਪ ਦੀਕਸ਼ਤ ਨੂੰ ਗਲ਼ੇ ਲਗਾਇਆ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਕੀ ਹੈ।
ਉਨ੍ਹਾਂ ਕਿਹਾ, "ਅਗਿਆਨਤਾ ਦੀ ਕਲਪਨਾ ਕਰੋ... ਉਨ੍ਹਾਂ ਨੂੰ ਇਹ ਵਿਚਾਰ ਕਿੱਥੋਂ ਆਇਆ ਕਿ ਵਿਦੇਸ਼ ਨੀਤੀ ਦਾ ਮਤਲਬ ਨੇਤਾਵਾਂ ਨੂੰ ਗਲ਼ੇ ਲਗਾਉਣਾ ਹੈ?"
ਦੀਕਸ਼ਤ ਨੇ ਫਿਰ ਰਾਹੁਲ ਗਾਂਧੀ ਨੂੰ ਪੁੱਛਿਆ, "ਇੱਕ ਚੀਜ਼ ਪੁੱਛ ਸਕਦਾ ਹਾਂ? ਮੇਲੋਨੀ ਸਮਝ ਕੇ ਤਾਂ ਨਹੀਂ ਫੜਿਆ ਸੀ?"
ਗਾਂਧੀ ਨੇ ਜਵਾਬ ਦਿੱਤਾ, "ਮੈਂ ਅਜੇ ਉੱਥੇ ਤੱਕ ਨਹੀਂ ਪਹੁੰਚਿਆ ਹਾਂ।"
ਇਸ ਬਿਆਨ ਨੂੰ ਲੈ ਕੇ ਭਾਜਪਾ ਨੇ ਰਾਹੁਲ ਗਾਂਧੀ ਅਤੇ ਸੰਦੀਪ ਦੀਕਸ਼ਤ ਉੱਤੇ ਤਿੱਖਾ ਹਮਲਾ ਕੀਤਾ ਹੈ।

