ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਚਾਲੂ ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਪਰੇਸ਼ਾਨੀ ਤੋਂ ਬਚਾਉਣ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਪੰਜਾਬ ਦੇ ਅਨਾਜ ਭੰਡਾਰਾਂ ਨੂੰ ਤੁਰੰਤ ਖ਼ਾਲੀ ਕਰਨ ਦੀ ਅਪੀਲ ਕੀਤੀ ਹੈ। ਪਹਿਲੀ ਅਕਤੂਬਰ ਤੋਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਜਦਕਿ ਗੁਦਾਮ ਅਨਾਜ ਨਾਲ ਨੱਕੋ-ਨੱਕ ਭਰੇ ਪਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖ਼ਰੀ ਖ਼ਰੀਦ ਸੀਜ਼ਨ ਹੈ, ਜਿਸ ਕਰ ਕੇ ਐਤਕੀਂ ਖ਼ਰੀਦ ਸੀਜ਼ਨ ਨੂੰ ਸਿਆਸੀ ਰੰਗ ਚੜ੍ਹਨ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਮਾਨ ਨੇ ਕੇਂਦਰੀ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਜ਼ੋਰ ਦਿੱਤਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਲ ਤੋਂ ਬਚਾਉਣ ਲਈ ਭੰਡਾਰਨ ਵਾਸਤੇ ਲੋੜੀਂਦੀ ਥਾਂ ਮੁਹੱਈਆ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ’ਚੋਂ 10 ਅਕਤੂਬਰ ਤੱਕ 6 ਲੱਖ ਟਨ ਚੌਲ ਅਤੇ ਅਕਤੂਬਰ ਦੌਰਾਨ 15 ਲੱਖ ਟਨ ਕਣਕ ਦੀ ਚੁਕਾਈ ਕਰਨ ਲਈ ਕਿਹਾ ਹੈ, ਕਿਉਂਕਿ ਸ਼ੈਲਰਾਂ ’ਚ ਇਸ ਵੇਲੇ 40 ਲੱਖ ਟਨ ਕਣਕ ਪਈ ਹੈ। ਮੁੱਖ ਮੰਤਰੀ ਨੇ ਪੱਤਰ ’ਚ ਕਿਹਾ ਹੈ ਕਿ ਅਨਾਜ ਦੀ ਚੁਕਾਈ ਲਈ ਉਹ ਪਹਿਲਾਂ ਵੀ ਕੇਂਦਰ ਨੂੰ ਕਈ ਵਾਰ ਯਾਦ ਕਰਵਾ ਚੁੱਕੇ ਹਨ। ਪੰਜਾਬ ਨੇ ਸਤੰਬਰ 2026 ਦੌਰਾਨ 15 ਲੱਖ ਟਨ ਚੌਲ ਅਤੇ 10 ਤੋਂ 12 ਲੱਖ ਟਨ ਕਣਕ ਦੀ ਚੁਕਾਈ ਕਰਨ ਲਈ ਕਿਹਾ ਸੀ ਤਾਂ ਕਿ ਖ਼ਰੀਦ ਸੀਜ਼ਨ 2025-26 ਦੇ ਚੌਲਾਂ ਦੀ ਸਪੁਰਦਗੀ ਪੂਰੀ ਕੀਤੀ ਜਾ ਸਕੇ ਅਤੇ ਖ਼ਰੀਦ ਸੀਜ਼ਨ 2026-27 ਦੀ ਸ਼ੁਰੂਆਤ ਤੋਂ ਪਹਿਲਾਂ ਸ਼ੈਲਰਾਂ ਆਦਿ ਵਿੱਚ ਪਏ ਕਣਕ ਦੇ ਭੰਡਾਰਾਂ ਨੂੰ ਖ਼ਾਲੀ ਕੀਤਾ ਜਾ ਸਕੇ।
ਪੱਤਰ ’ਚ ਇਹ ਵੇਰਵੇ ਵੀ ਸਾਂਝੇ ਕੀਤੇ ਗਏ ਹਨ ਕਿ ਪਹਿਲੀ ਤੋਂ 29 ਸਤੰਬਰ 2026 ਤੱਕ ਸੂਬੇ ਵਿੱਚੋਂ ਸਿਰਫ਼ 8.3 ਲੱਖ ਟਨ ਚੌਲ ਅਤੇ 4.3 ਲੱਖ ਟਨ ਕਣਕ ਹੀ ਚੁੱਕੀ ਗਈ ਹੈ। ਪੱਤਰ ਅਨੁਸਾਰ ਭਾਰਤੀ ਖ਼ੁਰਾਕ ਨਿਗਮ ਕੋਲ ਭੰਡਾਰਨ ਲਈ ਜਗ੍ਹਾ ਦੀ ਘਾਟ ਹੋਣ ਕਾਰਨ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2025-26 ਦੇ ਕਸਟਮ ਮਿਲਡ ਚੌਲਾਂ ਦੀ 105.64 ਲੱਖ ਟਨ ਦੀ ਨਿਰਧਾਰਤ ਮਾਤਰਾ ਦੇ ਮੁਕਾਬਲੇ ਸਤੰਬਰ ਦੇ ਅੰਤ ਤੱਕ ਸਿਰਫ਼ 99.50 ਲੱਖ ਟਨ ਚੌਲ ਹੀ ਡਿਲਿਵਰ ਕੀਤੇ ਜਾ ਸਕੇ ਹਨ ਜਦੋਂ ਕਿ ਛੇ ਲੱਖ ਟਨ ਚੌਲਾਂ ਦੀ ਡਿਲਿਵਰੀ ਬਾਕੀ ਹੈ। ਮੁੱਖ ਮੰਤਰੀ ਨੇ ਚੇਤੇ ਕਰਵਾਇਆ ਹੈ ਕਿ 10 ਅਕਤੂਬਰ ਦੇ ਆਸ-ਪਾਸ ਝੋਨੇ ਦੀ ਆਮਦ ਤੇਜ਼ ਹੋ ਜਾਣੀ ਹੈ ਤੇ ਇਨ੍ਹਾਂ ਹਾਲਾਤ ਵਿੱਚ ਭਾਰਤੀ ਖ਼ੁਰਾਕ ਨਿਗਮ ਨੂੰ ਬਕਾਇਆ ਚੌਲ ਵੀ ਡਿਲਿਵਰ ਕੀਤਾ ਜਾਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ’ਚ ਚੌਲ ਮਿੱਲ ਮਾਲਕਾਂ ’ਚ ਬੇਚੈਨੀ ਹੈ ਕਿਉਂਕਿ ਚੌਲਾਂ ਦੀ ਡਿਲਿਵਰੀ ਦਾ ਕੰਮ 15 ਅਕਤੂਬਰ ਤੋਂ ਅੱਗੇ ਵਧਦਾ ਹੈ ਤਾਂ ਸ਼ੈਲਰ ਮਾਲਕ ਨਵੀਂ ਜਿਣਸ ਦੇ ਭੰਡਾਰਨ ਲਈ ਅੱਗੇ ਆਉਣ ਤੋਂ ਸ਼ਾਇਦ ਪਾਸਾ ਵੱਟਣ। ਕਿਸਾਨਾਂ ਵਿੱਚ ਅਨਾਜ ਭੰਡਾਰ ਦੀ ਚੁਕਾਈ ਨਾ ਹੋਣ ਕਾਰਨ ਚਿੰਤਾ ਹੈ।

