DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Folklorama festival: ਵਿਸ਼ਵ-ਪ੍ਰਸਿੱਧ 'ਫੋਕਲੋਰਮਾ' ਮੇਲੇ ਵਿੱਚ ਭਾਰਤੀ, ਪੰਜਾਬੀ ਸੱਭਿਆਚਾਰ ਤੇ ਦੇਸੀ ਪਕਵਾਨ ਬਿਖੇਰਨਗੇ ਰੰਗ

Folklorama festival: 2 ਤੋਂ 15 ਅਗਸਤ ਤੱਕ ਸਜੇਗਾ ਮਹਾਂ-ਉਤਸਵ

  • fb
  • twitter
  • whatsapp
  • whatsapp
featured-img featured-img
Photo: Folklorama/fB
Advertisement

Folklorama festival ਦੁਨੀਆ ਦੇ ਸਭ ਤੋਂ ਵੱਡੇ ਬਹੁ-ਸਭਿਆਚਾਰਕ ਮੇਲਿਆਂ ਵਿੱਚੋਂ ਇੱਕ ਵਿਨੀਪੈਗ ਦਾ ਪ੍ਰਸਿੱਧ 'ਫੋਕਲੋਰਮਾ' ਮੇਲਾ ਇਸ ਸਾਲ ਆਪਣੀ ਸ਼ਾਨਦਾਰ 55ਵੀਂ ਵਰ੍ਹੇਗੰਢ ਮਨਾ ਰਿਹਾ ਹੈ। 2 ਤੋਂ 15 ਅਗਸਤ ਤੱਕ ਚੱਲਣ ਵਾਲੇ ਇਸ ਮਹਾਂ-ਉਤਸਵ ਵਿੱਚ ਵਿਨੀਪੈਗ ਸ਼ਹਿਰ ਭਰ ਵਿੱਚ ਸਭਿਆਚਾਰਕ ਰੰਗ ਬਿਖੇਰਨ ਲਈ 45 ਨਸਲੀ-ਸਭਿਆਚਾਰਕ ਪਵੇਲੀਅਨ ਪੂਰੀ ਤਰ੍ਹਾਂ ਤਿਆਰ ਹਨ। ਕਰੀਬ ਇੱਕ ਸਾਲ ਦੀਆਂ ਖਾਸ ਤਿਆਰੀਆਂ ਤੋਂ ਬਾਅਦ ਵਲੰਟੀਅਰ ਅਤੇ ਪ੍ਰਬੰਧਕ ਦਰਸ਼ਕਾਂ ਦੇ ਸਵਾਗਤ ਲਈ ਉਤਸੁਕ ਹਨ। ਇਸ ਵਾਰ ਮੇਲੇ ਵਿੱਚ ਦੋ ਨਵੇਂ ਪਵੇਲੀਅਨ — 'ਹਾਰਟ ਆਫ਼ ਰੋਮਾਨੀਆ' ਅਤੇ 'ਸੈਲਵਾਡੋਰਿਅਨ' — ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ, ਜਦਕਿ ਮੈਕਸੀਕੋ, ਚਿੱਲੀ ਅਤੇ ਫ਼ਸਟ ਨੇਸ਼ਨ ਪਵੇਲੀਅਨ ਦੀ ਵੀ ਸ਼ਾਨਦਾਰ ਵਾਪਸੀ ਹੋ ਰਹੀ ਹੈ।

ਮੇਲੇ ਦੇ ਇਤਿਹਾਸਕ 55 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ ਸਥਾਨਕ ਕਲਾਕਾਰ ਮੈਂਡੀ ਵੈਨ ਲੀਊਵਨ ਵੱਲੋਂ ਇੱਕ ਨਵਾਂ ਵਿਸ਼ੇਸ਼ ਮਿਊਰਲ ਵੀ ਤਿਆਰ ਕੀਤਾ ਜਾ ਰਿਹਾ ਹੈ, ਜੋ ਸਾਰਜੰਟ ਐਵਿਨਿਊ ਸਥਿਤ ਮਾਡਰਨਜ਼ ਆਫ਼ ਵਿਨੀਪੈਗ ਦੀ ਇਮਾਰਤ ਦੀ ਸ਼ਾਨ ਵਧਾਏਗਾ। ਇਸ ਤੋਂ ਇਲਾਵਾ, ਫੋਕਲੋਰਮਾ ਵੱਲੋਂ ਵਾਤਾਵਰਨ ਦੀ ਸੰਭਾਲ ਵੱਲ ਵੱਡਾ ਕਦਮ ਚੁੱਕਦਿਆਂ ਇਸ ਵਾਰ ਸਾਰੇ 45 ਪਵੇਲੀਅਨ ਵਿੱਚ ਕੰਪੋਸਟਿੰਗ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਇਸ ਪਹਿਲਕਦਮੀ ਨਾਲ ਲਗਪਗ 3,000 ਕਿੱਲੋਗਰਾਮ ਕੂੜਾ ਲੈਂਡ ਫਿੱਲ ਵਿੱਚ ਜਾਣ ਤੋਂ ਬਚਾਇਆ ਗਿਆ ਸੀ।

Advertisement

ਪੰਜਾਬ ਅਤੇ ਇੰਡੀਆ ਪਵੇਲੀਅਨ ਦੀ ਖ਼ਾਸ ਉਡੀਕ

Advertisement

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਪਵੇਲੀਅਨ ਅਤੇ ਇੰਡੀਆ ਪਵੇਲੀਅਨ ਭਾਰਤੀ ਭਾਈਚਾਰੇ ਸਮੇਤ ਸਮੁੱਚੇ ਵਿਦੇਸ਼ੀ ਦਰਸ਼ਕਾਂ ਲਈ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਪੰਜਾਬ ਪਵੇਲੀਅਨ ਵਿੱਚ ਪੰਜਾਬੀ ਸੱਭਿਆਚਾਰ ਦੀ ਅਸਲ ਧੜਕਣ ਦੇਖਣ ਨੂੰ ਮਿਲੇਗੀ। ਢੋਲ ਦੀਆਂ ਗੂੰਜਦੀਆਂ ਥਾਪਾਂ, ਭੰਗੜੇ ਦੀ ਭਰਪੂਰ ਊਰਜਾ, ਗਿੱਧੇ ਦੀ ਰੌਣਕ ਅਤੇ ਰਵਾਇਤੀ ਲੋਕ-ਗੀਤ ਦਰਸ਼ਕਾਂ ਦਾ ਮੋਹ ਲੈਣਗੇ। ਪੰਜਾਬੀ ਰਸੋਈ ਦੇ ਮਸ਼ਹੂਰ ਅਤੇ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਪਕਵਾਨ—ਜਿਵੇਂ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਛੋਲੇ-ਭਟੂਰੇ, ਤੰਦੂਰੀ ਵਿਅੰਜਨ, ਗਰਮਾ-ਗਰਮ ਜਲੇਬੀ ਅਤੇ ਠੰਢੀ ਲੱਸੀ—ਦਰਸ਼ਕਾਂ ਨੂੰ ਪੰਜਾਬ ਦੇ ਦੇਸੀ ਸਵਾਦ ਨਾਲ ਜੋੜਨਗੇ।

ਇੰਡੀਆ ਪਵੇਲੀਅਨ ਵਿੱਚ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਅਲੌਕਿਕ ਝਲਕ ਵੇਖਣ ਨੂੰ ਮਿਲੇਗੀ। ਇੱਥੇ ਵੱਖ-ਵੱਖ ਰਾਜਾਂ ਦੇ ਲੋਕ ਅਤੇ ਸ਼ਾਸਤਰੀ ਨਾਚ, ਸੰਗੀਤ, ਰਵਾਇਤੀ ਪਹਿਰਾਵੇ, ਹਸਤ-ਕਲਾ ਅਤੇ ਬਾਲੀਵੁੱਡ ਆਧਾਰਿਤ ਮਨੋਰੰਜਕ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਆਕਰਸ਼ਿਤ ਕਰਨਗੇ। ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਲਜ਼ੀਜ਼ ਪਕਵਾਨ ਵੀ ਇਸ ਪਵੇਲੀਅਨ ਦੀ ਵੱਡੀ ਵਿਸ਼ੇਸ਼ਤਾ ਹੋਣਗੇ।

ਸੱਭਿਆਚਾਰ ਦਾ ਮਿਲਾਪ ਅਤੇ ਵਿਸ਼ੇਸ਼ ਇਨਾਮੀ ਯੋਜਨਾ

ਫੋਕਲੋਰਮਾ ਦੇ ਪ੍ਰਬੰਧਕਾਂ ਮੁਤਾਬਕ ਹਰ ਪਵੇਲੀਅਨ ਤੋਂ ਹੋਣ ਵਾਲੀ ਆਮਦਨ ਸਿੱਧੇ ਤੌਰ 'ਤੇ ਸਬੰਧਿਤ ਭਾਈਚਾਰੇ ਨੂੰ ਜਾਂਦੀ ਹੈ, ਜਿਸ ਨਾਲ ਉਹ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਮੇਲੇ ਵਿੱਚ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਇੱਕ ਖ਼ਾਸ ਇਨਾਮੀ ਯੋਜਨਾ ਵੀ ਰੱਖੀ ਗਈ ਹੈ; ਜਿੰਨੇ ਵੱਧ ਪਵੇਲੀਅਨ ਦਾ ਦੌਰਾ ਕੀਤਾ ਜਾਵੇਗਾ, ਉੱਨ੍ਹੀਆਂ ਹੀ ਵੱਧ ਐਂਟਰੀਆਂ ਮਿਲਣਗੀਆਂ ਅਤੇ ਭਾਗਾਂ ਵਾਲਾ ਵਿਅਕਤੀ ਯੂਰਪੀਅਨ ਰਿਵਰ ਕਰੂਜ਼ ਜਿੱਤਣ ਦਾ ਸੁਨਹਿਰੀ ਮੌਕਾ ਹਾਸਲ ਕਰ ਸਕੇਗਾ।

ਬੱਚਿਆਂ (12 ਸਾਲ ਅਤੇ ਇਸ ਤੋਂ ਘੱਟ ਉਮਰ) ਲਈ ਮੇਲੇ ਵਿੱਚ ਦਾਖ਼ਲਾ ਬਿਲਕੁਲ ਮੁਫ਼ਤ ਹੈ, ਜਦਕਿ ਆਮ ਟਿਕਟ ਦੀ ਕੀਮਤ 7.50 ਡਾਲਰ (ਲਾਗੂ ਫ਼ੀਸਾਂ ਤੋਂ ਇਲਾਵਾ) ਰੱਖੀ ਗਈ ਹੈ। ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੱਖਾਂ ਲੋਕ ਇਸ ਵਿਸ਼ਵ-ਪ੍ਰਸਿੱਧ ਮੇਲੇ ਵਿੱਚ ਸ਼ਾਮਲ ਹੋ ਕੇ ਵਿਸ਼ਵ ਭਰ ਦੀਆਂ ਅਨੋਖੀਆਂ ਸਭਿਆਚਾਰਕ ਰੰਗਤਾਂ ਦਾ ਭਰਪੂਰ ਅਨੰਦ ਮਾਣਨਗੇ।

Advertisement
×