ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੰਜ ਸੀਬੀਆਈ ਅਫਸਰਾਂ ਅਤੇ ਇੱਕ ਸੀਨੀਅਰ ਸਰਕਾਰੀ ਵਕੀਲ ਨੂੰ ਜਬਰੀ ਸੇਵਾਮੁਕਤੀ ਦੇ ਦਿੱਤੀ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੌਲਿਕ ਨਿਯਮਾਂ ਦੀ ਧਾਰਾ 56 (ਜੇ) ਤਹਿਤ ਜਨਤਕ ਹਿੱਤਾਂ ਵਿੱਚ ਪੰਜ ਸੀਬੀਆਈ ਅਧਿਕਾਰੀਆਂ ਅਤੇ ਵਕੀਲ ਨੂੰ ਸੇਵਾਮੁਕਤ ਕੀਤਾ ਗਿਆ ਹੈ। ਮੌਲਿਕ ਨਿਯਮਾਂ ਦੀ ਧਾਰਾ 56 (ਜੇ) ਤਹਿਤ ਸਰਕਾਰ ਨੂੰ ਘੱਟੋ-ਘੱਟ ਤਿੰਨ ਮਹੀਨੇ ਦਾ ਲਿਖਤੀ ਨੋਟਿਸ ਦੇ ਕੇ ਜਾਂ ਅਜਿਹੇ ਨੋਟਿਸ ਦੀ ਥਾਂ ਤਿੰਨ ਮਹੀਨੇ ਦੀ ਤਨਖ਼ਾਹ ਅਤੇ ਭੱਤੇ ਦੇ ਕੇ (ਉਮਰ ਅਤੇ ਸੇਵਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ) ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਜਨਤਕ ਹਿੱਤ ਵਿੱਚ ਸੇਵਾਮੁਕਤ ਕਰਨ ਦਾ ਪੂਰਾ ਅਧਿਕਾਰ ਹੈ। -ਪੀਟੀਆਈ