ਗਾਜ਼ੀਆਬਾਦ/ਨਵੀਂ ਦਿੱਲੀ, 16 ਜੂਨ
ਉੱਤਰ ਪ੍ਰਦੇਸ਼ ਪੁਲੀਸ ਨੇ ‘ਟਵਿੱਟਰ’, ਇਕ ਖ਼ਬਰ ਵੈੱਬਸਾਈਟ ਤੇ ਛੇ ਵਿਅਕਤੀਆਂ ਖ਼ਿਲਾਫ਼ ਇਕ ਵੀਡੀਓ ਨੂੰ ਪ੍ਰਸਾਰਨ-ਪ੍ਰਚਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਵੀਡੀਓ ਫ਼ਿਰਕੂ ਗੜਬੜੀ ਪੈਦਾ ਕਰਨ ਲਈ ਪੋਸਟ ਕੀਤੀ ਗਈ ਸੀ। ਇਸ ਵੀਡੀਓ ਵਿਚ ਇਕ ਬਜ਼ੁਰਗ ਮੁਸਲਮਾਨ ਵਿਅਕਤੀ ਕਹਿ ਰਿਹਾ ਹੈ ਕਿ ਉਸ ਦੀ ਕੁੱਟਮਾਰ ਕਰ ਕੇ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ ਹੈ। ਐਫਆਈਆਰ ਲੋਨੀ ਬਾਰਡਰ ਪੁਲੀਸ ਥਾਣੇ, ਗਾਜ਼ੀਆਬਾਦ ਵਿਚ ਮੰਗਲਵਾਰ ਰਾਤ 11.30 ਵਜੇ ਦਰਜ ਕੀਤੀ ਗਈ ਹੈ। ਸ਼ਿਕਾਇਤ ਕਿਸੇ ਪੁਲੀਸ ਕਰਮੀ ਨੇ ਦਿੱਤੀ ਹੈ। ਐਫਆਈਆਰ ਵਿਚ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨਜ਼ ਇੰਡੀਆ, ਖ਼ਬਰ ਵੈੱਬਸਾਈਟ ‘ਦਿ ਵਾਇਰ’, ਪੱਤਰਕਾਰ ਮੁਹੰਮਦ ਜ਼ੁਬੈਰ ਤੇ ਰਾਣਾ ਅਯੂਬ, ਕਾਂਗਰਸ ਆਗੂ ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ, ਡਾ. ਸਮਾ ਮੁਹੰਮਦ ਤੇ ਲੇਖਿਕਾ ਸਬਾ ਨਕਵੀ ਦਾ ਨਾਂ ਹੈ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ‘ਇਨ੍ਹਾਂ ਲੋਕਾਂ ਨੇ ਘਟਨਾ ਪਿਛਲੇ ਸੱਚ ਦੀ ਪੁਸ਼ਟੀ ਨਹੀਂ ਕੀਤੀ ਤੇ ਇਸ ਨੂੰ ਆਨਲਾਈਨ ਸ਼ੇਅਰ ਕਰ ਦਿੱਤਾ। ਇਸ ਨੂੰ ਫ਼ਿਰਕੂ ਰੰਗ ਦਿੱਤਾ ਗਿਆ ਤੇ ਇਰਾਦਾ ਸ਼ਾਂਤੀ ਭੰਗ ਕਰਨਾ ਤੇ ਲੋਕਾਂ ਵਿਚਾਲੇ ਵੰਡ ਪਾਉਣਾ ਸੀ।’ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਉਤੇ 14 ਜੂਨ ਨੂੰ ਆਈ ਸੀ ਜਿਸ ਵਿਚ ਮੁਸਲਿਮ ਵਿਅਕਤੀ ਅਬਦੁਲ ਸ਼ਮਦ ਸੈਫ਼ੀ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਕੁਝ ਨੌਜਵਾਨਾਂ ਨੇ ਕੁੱਟਿਆ ਹੈ ਤੇ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਹੈ। ਹਾਲਾਂਕਿ ਗਾਜ਼ੀਆਬਾਦ ਪੁਲੀਸ ਨੇ ਘਟਨਾ ਪਿੱਛੇ ਫ਼ਿਰਕੂ ਮੰਤਵ ਹੋਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮੁਲਜ਼ਮ ਇਕ ‘ਤਾਬੀਜ਼’ ਤੋਂ ਖ਼ੁਸ਼ ਨਹੀਂ ਸਨ ਜੋ ਮੁਸਲਿਮ ਵਿਅਕਤੀ ਨੇ ਉਨ੍ਹਾਂ ਨੂੰ ਵੇਚਿਆ ਸੀ। ਪੁਲੀਸ ਨੇ ਬੁੱਧਵਾਰ ਕਿਹਾ ਸੀ ਕਿ ਤਿੰਨ ਵਿਅਕਤੀਆਂ- ਕਾਲੂ ਗੁੱਜਰ, ਪਰਵੇਸ਼ ਗੁੱਜਰ ਤੇ ਆਦਿਲ ਨੂੰ ਸੈਫ਼ੀ ’ਤੇ ਹਮਲਾ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਚਾਰ ਹੋਰਾਂ- ਪੌਲੀ, ਹਿਮਾਂਸ਼ੂ, ਆਰਿਫ਼ ਤੇ ਮੁਰਸ਼ਿਦ ਦੀ ਤਲਾਸ਼ ਵੀ ਕਰ ਰਹੀ ਹੈ। ਟਵਿੱਟਰ ਖ਼ਿਲਾਫ਼ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਗਾਜ਼ੀਆਬਾਦ ਪੁਲੀਸ ਨੇ ਇਸ ਘਟਨਾ ਬਾਰੇ ਤੱਥਾਂ ਨਾਲ ਸਪੱਸ਼ਟ ਬਿਆਨ ਜਾਰੀ ਕੀਤਾ ਸੀ ਪਰ ਇਸ ਦੇ ਬਾਵਜੂਦ ਮੁਲਜ਼ਮਾਂ ਨੇ ਟਵਿੱਟਰ ਹੈਂਡਲ ਤੋਂ ਵੀਡੀਓ ਨਹੀਂ ਹਟਾਈ। ਪੁਲੀਸ ਨੇ ਨਾਲ ਹੀ ਕਿਹਾ ਸੀ ਕਿ ਸੈਫ਼ੀ ਉਤੇ ਹਮਲਾ ਕਰਨ ਵਾਲੇ ਹਿੰਦੂ ਤੇ ਮੁਸਲਮਾਨ ਵਿਅਕਤੀ ਸਨ ਤੇ ਘਟਨਾ ਉਨ੍ਹਾਂ ਵਿਚਾਲੇ ਨਿੱਜੀ ਤਕਰਾਰ ਦਾ ਸਿੱਟਾ ਸੀ, ਫ਼ਿਰਕੂ ਨਹੀਂ ਸੀ। ਪੁਲੀਸ ਨੇ ਕਿਹਾ ਕਿ ਟਵਿੱਟਰ ਨੇ ਵੀ ਟਵੀਟ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਐਫਆਈਆਰ ਵਿਚ ਆਈਪੀਸੀ ਦੀ ਧਾਰਾ 153, 153ਏ, 295ਏ ਤੇ 120ਬੀ ਲਾਈ ਗਈ ਹੈ। ਇਸ ਐਫਆਈਆਰ ਨਾਲ ਹੀ ਹੁਣ ਟਵਿੱਟਰ ਨੂੰ ਭਾਰਤ ਵਿਚ ਕਾਨੂੰਨੀ ਕਾਰਵਾਈ ਤੋਂ ਮਿਲੀ ਸੁਰੱਖਿਆ ਖ਼ਤਮ ਹੋ ਗਈ ਹੈ ਤੇ ਸੋਸ਼ਲ ਮੀਡੀਆ ਪਲੈਟਫਾਰਮ ਖ਼ਿਲਾਫ਼ ਇਹ ਪਹਿਲਾ ਕੇਸ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਆਈਟੀ ਨੇਮ 26 ਮਈ ਤੋਂ ਲਾਗੂ ਹੋ ਚੁੱਕੇ ਹਨ ਤੇ ਟਵਿੱਟਰ ਨੇ ਇਨ੍ਹਾਂ ਦੀ ਪਾਲਣਾ ਯਕੀਨੀ ਨਹੀਂ ਬਣਾਈ। ਸਰਕਾਰ ਇਸ ਲਈ ਟਵਿੱਟਰ ਨੂੰ ਚਿਤਾਵਨੀ ਵੀ ਦੇ ਚੁੱਕੀ ਹੈ। ਨਵੇਂ ਨੇਮਾਂ ਤਹਿਤ ਸਰਕਾਰ ਨੇ ਟਵਿੱਟਰ ਨੂੰ ਸ਼ਿਕਾਇਤਾਂ ਦੇ ਨਬਿੇੜੇ ਲਈ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ ਸੀ। ਸਰਕਾਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਟਵਿੱਟਰ ਨੂੰ ਕਾਨੂੰਨੀ ਘੇਰੇ ਤੋਂ ਮਿਲੀ ਛੋਟ ਖ਼ਤਮ ਹੋ ਗਈ ਹੈ ਕਿਉਂਕਿ ਇਸ ਨੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਤੇ ਕੰਪਾਲਾਇੰਸ ਅਫ਼ਸਰ ਤੇ ਹੋਰ ਅਧਿਕਾਰੀ ਨਿਯੁਕਤ ਨਹੀਂ ਕੀਤੇ। ਟਵਿੱਟਰ ਨੂੰ ਹੁਣ ‘ਥਰਡ ਪਾਰਟੀ’ ਗ਼ੈਰਕਾਨੂੰਨੀ ਕੰਟੈਂਟ ਲਈ ਆਈਪੀਸੀ ਤਹਿਤ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਲਿਆਂਦਾ ਜਾ ਸਕੇਗਾ। ਦੱਸਣਯੋਗ ਹੈ ਕਿ ਇਸ ਘਟਨਾ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਚਾਲੇ ਵੀ ਟਵਿੱਟਰ ਉਤੇ ਤਿੱਖੀ ਤਕਰਾਰ ਹੋਈ ਸੀ। ਉਸ ਤੋਂ ਕੁਝ ਘੰਟੇ ਬਾਅਦ ਹੀ ਕੇਸ ਦਰਜ ਕਰ ਲਿਆ ਗਿਆ ਹੈ। ਰਾਹੁਲ ਨੇ ਮੰਗਲਵਾਰ ਕਿਹਾ ਸੀ ‘ਮੈਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਭਗਵਾਨ ਰਾਮ ਦੇ ਸੱਚੇ ਭਗਤ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਹਨ।’ ਰਾਹੁਲ ਨੇ ਗਾਜ਼ੀਆਬਾਦ ਦੀ ਘਟਨਾ ਨਾਲ ਜੁੜੀ ਨਿਊਜ਼ ਰਿਪੋਰਟ ਵੀ ਟੈਗ ਕੀਤੀ ਸੀ। -ਪੀਟੀਆਈ
ਪੱਤਰਕਾਰਾਂ ਖ਼ਿਲਾਫ਼ ਦਰਜ ਐੱਫਆਈਆਰ ਰੱਦ ਹੋਵੇ: ਪੀਸੀਆਈ
ਨਵੀਂ ਦਿੱਲੀ: ਪ੍ਰੈੱਸ ਕਲੱਬ ਆਫ਼ ਇੰਡੀਆ (ਪੀਸੀਆਈ) ਨੇ ਮੰਗ ਕੀਤੀ ਹੈ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਐਫਆਈਆਰ ਰੱਦ ਕੀਤੀ ਜਾਵੇ ਕਿਉਂਕਿ ਇਹ ਗਾਜ਼ੀਆਬਾਦ ਪੁਲੀਸ ਵੱਲੋਂ ਮੀਡੀਆ ਵਿਚ ‘ਡਰ ਦੀ ਭਾਵਨਾ’ ਪੈਦਾ ਕਰਨ ਦੀ ‘ਸਾਜ਼ਿਸ਼’ ਹੈ। ਇਸ ਤੋਂ ਇਲਾਵਾ ਸਮਾਜ ਵਿਚ ਵੀ ਇਸ ਨਾਲ ਡਰ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀਸੀਆਈ ਨੇ ਯੂਪੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਾਮਲੇ ਵਿਚ ਜਲਦੀ ਤੋਂ ਜਲਦੀ ਦਖ਼ਲ ਦੇੇਵੇ ਤੇ ਯਕੀਨੀ ਬਣਾਏ ਕਿ ਪੱਤਰਕਾਰਾਂ ਨੂੰ ਐਵੇਂ ਹੀ ਐਫਆਈਆਰ ਦਰਜ ਕੇ ਪੁਲੀਸ ਦੀ ਸਖ਼ਤੀ ਦਾ ਨਿਸ਼ਾਨਾ ਨਾ ਬਣਾਇਆ ਜਾਵੇ। -ਪੀਟੀਆਈ