Fifa world cup 2026: ਅਰਜਨਟੀਨਾ ਦੀ ਨਜ਼ਰ ਇਤਿਹਾਸ ਰਚਣ ’ਤੇ
Argentina Spain Final: ਸਪੇਨ ਦੂਜੇ ਆਲਮੀ ਕੱਪ ਖਿਤਾਬ ਦੀ ਦੌੜ ’ਚ
ਮੌਜੂਦਾ ਆਲਮੀ ਫੀਫਾ ਕੱਪ ਚੈਂਪੀਅਨ ਅਰਜਨਟੀਨਾ ਅਤੇ ਯੂ ਈ ਐੱਫ ਏ ਯੂਰੋ 2024 ਦੀ ਜੇਤੂ ਸਪੇਨ ਦੀ ਟੀਮ ਫੁਟਬਾਲ ਦੇ ਸਭ ਤੋਂ ਵੱਕਾਰੀ ਖ਼ਿਤਾਬ ਲਈ ਨਿਊਯਾਰਕ/ਨਿਊ ਜਰਸੀ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਸਪੇਨ ਅਤੇ ਅਰਜਨਟੀਨਾ ਵਿਚਕਾਰ ਆਲਮੀ ਕੱਪ ਦਾ ਇਹ ਫਾਈਨਲ ਮੁਕਾਬਲਾ ਐਤਵਾਰ (ਸਥਾਨਕ ਸਮੇਂ ਅਨੁਸਾਰ) ਨੂੰ ਨਿਊਯਾਰਕ ਨਿਊ ਜਰਸੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਮੌਜੂਦਾ ਯੂਰੋਪੀਅਨ ਚੈਂਪੀਅਨ ਸਪੇਨ ਦੀ ਨਜ਼ਰ 2010 ਤੋਂ ਬਾਅਦ ਆਪਣੇ ਪਹਿਲੇ ਆਲਮੀ ਫੀਫਾ ਕੱਪ ਖ਼ਿਤਾਬ ’ਤੇ ਹੈ, ਜਦੋਂ ਕਿ ਲਿਓਨਲ ਮੈਸੀ ਦੀ ਅਰਜਨਟੀਨਾ ਟੀਮ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨ ਦੀ ਕੋਸ਼ਿਸ਼ ਵਿੱਚ ਹੈ। ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਸੈਮੀ ਫਾਈਨਲ ਵਿੱਚ ਇੰਗਲੈਂਡ ਵਿਰੁੱਧ 2-1 ਨਾਲ ਰੋਮਾਂਚਕ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਸੀ। ਪਹਿਲੇ ਅੱਧ ਵਿੱਚ ਪਛੜਨ ਤੋਂ ਬਾਅਦ ਐਂਜ਼ੋ ਫਰਨਾਂਡੇਜ਼ ਨੇ ਬਰਾਬਰੀ ਦਾ ਗੋਲ ਕੀਤਾ ਅਤੇ ਉਸ ਤੋਂ ਬਾਅਦ ਲੌਤਾਰੋ ਮਾਰਟੀਨੇਜ਼ ਨੇ ਵਾਧੂ ਸਮੇਂ ਵਿੱਚ ਜੇਤੂ ਗੋਲ ਕਰ ਕੇ ਮੌਜੂਦਾ ਚੈਂਪੀਅਨ ਨੂੰ ਸਪੇਨ ਵਿਰੁੱਧ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚਾਇਆ। ਇੰਗਲੈਂਡ ’ਤੇ ਮਿਲੀ ਇਸ ਜਿੱਤ ਨੇ ਅਰਜਨਟੀਨਾ ਨੂੰ ਆਲਮੀ ਕੱਪ 2026 ਦੇ ਫਾਈਨਲ ਵਿੱਚ ਪਹੁੰਚਾ ਦਿੱਤਾ, ਜਦੋਂ ਕਿ 1966 ਤੋਂ ਬਾਅਦ ਪਹਿਲੀ ਵਾਰ ਆਲਮੀ ਕੱਪ ਫਾਈਨਲ ਵਿੱਚ ਪਹੁੰਚਣ ਦੀ ਇੰਗਲੈਂਡ ਦੀ ਆਸ ਬੇਹੱਦ ਨਿਰਾਸ਼ਾਜਨਕ ਮੋੜ ’ਤੇ ਖ਼ਤਮ ਹੋ ਗਈ।
ਦੂਜੇ ਪਾਸੇ, ਸਪੇਨ ਨੇ ਬਿਹਤਰੀਨ ਪ੍ਰਦਰਸ਼ਨ ਸਦਕਾ ਫਰਾਂਸ ਨੂੰ 2-0 ਨਾਲ ਹਰਾ ਕੇ 2010 ਦੀ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ ਪਹਿਲੀ ਵਾਰ ਆਲਮੀ ਫੀਫਾ ਕੱਪ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਇਸ ਜਿੱਤ ਵਿੱਚ ਲਾਮੀਨ ਯਾਮਾਲ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਲੂਕਾਸ ਡਿਗਨੇ ਤੋਂ ਗੇਂਦ ਖੋਹ ਕੇ ਪੈਨਲਟੀ ਹਾਸਲ ਕੀਤੀ, ਜਿਸ ਨੂੰ ਮਿਕੇਲ ਓਯਾਰਜ਼ਾਬਲ ਨੇ 22ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਕੇ ਸਪੇਨ ਨੂੰ ਲੀਡ ਦਿਵਾਈ। ਅੱਧੇ ਸਮੇਂ ਤੋਂ ਬਾਅਦ ਪੈਡਰੋ ਪੋਰੋ ਨੇ ਡੈਨੀ ਓਲਮੋ ਨਾਲ ਮਿਲ ਕੇ ਇੱਕ ਸ਼ਾਨਦਾਰ ਮੂਵ ਬਣਾਉਂਦੇ ਹੋਏ ਸਪੇਨ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ, ਜਦੋਂ ਕਿ ਫਰਾਂਸ ਗੋਲ ਕਰਨ ਦੇ ਸਪੱਸ਼ਟ ਮੌਕੇ ਬਣਾਉਣ ਲਈ ਜੂਝਦਾ ਨਜ਼ਰ ਆਇਆ।
ਯਾਮਾਲ ਦੇ ਇੱਕ ਗੋਲ ਨੂੰ ਆਫਸਾਈਡ ਕਰਾਰ ਦੇ ਕੇ ਰੱਦ ਕਰ ਦਿੱਤਾ ਗਿਆ ਸੀ। ਮੈਚ ਦੇ ਆਖਰੀ ਮਿੰਟਾਂ ਵਿੱਚ ਕਿਲੀਅਨ ਐੱਮਬਾਪੇ ਅਤੇ ਓਰੇਲੀਅਨ ਚੂਆਮੇਨੀ ਦੇ ਜ਼ੋਰਦਾਰ ਯਤਨਾਂ ਦੇ ਬਾਵਜੂਦ, ਸਪੇਨ ਦੇ ਡਿਫੈਂਸ ਨੇ ਮਜ਼ਬੂਤੀ ਦਿਖਾਈ ਅਤੇ ਟੂਰਨਾਮੈਂਟ ਦੇ ਸੱਤ ਮੈਚਾਂ ਵਿੱਚ ਛੇਵੀਂ ਵਾਰ ਵਿਰੋਧੀ ਟੀਮ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ। ਇਸ ਜਿੱਤ ਨਾਲ ਸਪੇਨ ਇਤਿਹਾਸ ਵਿੱਚ ਦੂਜੀ ਵਾਰ ਆਲਮੀ ਕੱਪ ਦੇ ਫਾਈਨਲ ਵਿੱਚ ਪਹੁੰਚਿਆ।
ਸ਼ਾਨਦਾਰ ਤੇ ਜ਼ਬਰਦਸਤ ਹੋਵੇਗਾ ਖ਼ਿਤਾਬੀ ਮੁਕਾਬਲਾ: ਫੁਐਂਤੋ
ਸਪੇਨ ਦੇ ਕੋਚ ਲੁਈਸ ਡੀ ਲਾ ਫੁਐਂਤੇ ਨੂੰ ਉਮੀਦ ਹੈ ਕਿ ਐਤਵਾਰ (ਸਥਾਨਕ ਸਮੇਂ ਅਨੁਸਾਰ) ਨਿਊ ਜਰਸੀ ਵਿੱਚ ਅਰਜਨਟੀਨਾ ਵਿਰੁੱਧ ਹੋਣ ਵਾਲਾ ਇਹ ਆਲਮੀ ਫੀਫਾ ਕੱਪ 2026 ਦਾ ਫਾਈਨਲ ਸ਼ਾਨਦਾਰ ਅਤੇ ਜ਼ਬਰਦਸਤ ਮੁਕਾਬਲਾ ਹੋਵੇਗਾ। ਫਾਈਨਲ ਤੋਂ ਪਹਿਲਾਂ ਲੁਈਸ ਡੀ ਲਾ ਫੁਐਂਤੇ ਨੇ ਅਰਜਨਟੀਨਾ ਵਿਰੁੱਧ ਹੋਣ ਵਾਲੀ ਟੱਕਰ ਨੂੰ ਧਮਾਕੇਦਾਰ ਮੈਚ ਦੱਸਦਿਆਂ ਕਿਹਾ ਕਿ ਦੋਵੇਂ ਟੀਮਾਂ ਇੱਕੋ ਜਿਹੀ ਫੁਟਬਾਲ ਸੋਚ ਰੱਖਦੀਆਂ ਹਨ ਅਤੇ ਮਨੋਰੰਜਕ ਖੇਡ ਖੇਡਣ ਲਈ ਵਚਨਬੱਧ ਹਨ, ਜਿੱਥੇ ਪ੍ਰਤਿਭਾ, ਗੁਣਵੱਤਾ ਅਤੇ ਹਮਲਾਵਰ ਫੁਟਬਾਲ ਖਿੱਚ ਦਾ ਮੁੱਖ ਕੇਂਦਰ ਹੋਣਗੇ।

