ਰਾਜਸਥਾਨ ਸੀ ਆਈ ਡੀ (ਇੰਟੈਲੀਜੈਂਸ) ਨੇ ਭਾਰਤੀ ਫੌਜ ਨਾਲ ਸਬੰਧਤ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਹੇਠ ਫਿਰੋਜ਼ਪੁਰ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਪ੍ਰਕਾਸ਼ ਸਿੰਘ ਉਰਫ਼ ਬਾਦਲ (34) ਨੂੰ ਗੰਗਾਨਗਰ ਜ਼ਿਲ੍ਹੇ ਦੇ ਸਾਦੁਲਵਾਲੀ ਮਿਲਟਰੀ ਸਟੇਸ਼ਨ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਖ਼ਿਲਾਫ਼ ਸਰਕਾਰੀ ਭੇਤ ਗੁਪਤ ਰੱਖਣ ਸਬੰਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇੰਸਪੈਕਟਰ ਜਨਰਲ (ਇੰਟੈਲੀਜੈਂਸ) ਪ੍ਰਫੁਲ ਕੁਮਾਰ ਨੇ ਦੱਸਿਆ ਕਿ ਸੀ ਆਈ ਡੀ ਵੱਲੋਂ ਪਾਕਿਸਤਾਨੀ ਏਜੰਸੀਆਂ ਨਾਲ ਜੁੜੀਆਂ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ ਜਿਸ ਦੌਰਾਨ ਪ੍ਰਕਾਸ਼ ਸਿੰਘ ਸ਼ੱਕ ਦੇ ਘੇਰੇ ਵਿੱਚ ਆਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੀ ਆਈ ਐੱਸ ਆਈ ਦੇ ਸੰਪਰਕ ਵਿੱਚ ਸੀ। ਉਹ ਰਾਜਸਥਾਨ, ਪੰਜਾਬ ਅਤੇ ਗੁਜਰਾਤ ਵਿੱਚ ਫੌਜ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਹੈਂਡਲਰਾਂ ਨੂੰ ਭੇਜ ਰਿਹਾ ਸੀ। ਅਧਿਕਾਰੀਆਂ ਮੁਤਾਬਕ ਮੁਲਜ਼ਮ ‘ਅਪਰੇਸ਼ਨ ਸਿੰਧੂਰ’ ਦੇ ਸਮੇਂ ਤੋਂ ਹੀ ਆਈ ਐੱਸ ਆਈ ਦੇ ਸੰਪਰਕ ਵਿੱਚ ਸੀ। ਉਸ ਨੇ ਫੌਜੀ ਵਾਹਨਾਂ, ਟਿਕਾਣਿਆਂ, ਸਰਹੱਦੀ ਖੇਤਰਾਂ ਦੇ ਪੁਲਾਂ, ਰੇਲਵੇ ਲਾਈਨਾਂ ਅਤੇ ਚੱਲ ਰਹੇ ਨਿਰਮਾਣ ਕਾਰਜਾਂ ਬਾਰੇ ਵੇਰਵੇ ਸਾਂਝੇ ਕੀਤੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਪਾਕਿਸਤਾਨੀ ਏਜੰਟਾਂ ਨੂੰ ਭਾਰਤੀ ਨੰਬਰਾਂ ’ਤੇ ਵੱਟਸਐਪ ਖਾਤੇ ਬਣਾਉਣ ਵਿੱਚ ਮਦਦ ਕਰਦਾ ਸੀ। ਉਹ ਭਾਰਤੀ ਮੋਬਾਈਲ ਨੰਬਰਾਂ ’ਤੇ ਆਉਣ ਵਾਲੇ ਓ ਟੀ ਪੀ ਅੱਗੇ ਭੇਜਦਾ ਸੀ ਜਿਸ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਲਈ ਕੀਤੀ ਜਾਂਦੀ ਸੀ। ਇਸ ਬਦਲੇ ਉਹ ਪੈਸੇ ਲੈਂਦਾ ਸੀ।

